ਦੇਸ਼ ਦੇ ਛੇ ਰਾਜਾਂ ‘ਚ ਕੋਰੋਨਾ ਦਾ ਮੁੜ ਕਹਿਰ, ਇਸ ਸਾਲ ਪਹਿਲੀ ਵਾਰ ਆਏ ਇੱਕੋ ਦਿਨ 22,000 ਕੇਸ

0
134

ਨਵੀਂ ਦਿੱਲ਼ੀ11,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਦੇਸ਼ ’ਚ ਪਿਛਲੇ ਸਾਲ ਵਾਂਗ ਇਸ ਵਾਰ ਵੀ ਮਾਰਚ ਮਹੀਨੇ ਕੋਰੋਨਾ ਵਾਇਰਸ (Coronavirsu) ਮਹਾਮਾਰੀ ਦੇ ਮਾਮਲਿਆਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹੁਣ ਹਾਲਤ ਇਹ ਹੈ ਕਿ ਰੋਜ਼ਾਨਾ ਕੋਰੋਨਾ ਦੇ ਮਾਮਲੇ (Corona Cases) ਪਿਛਲੇ ਰਿਕਾਰਡ ਤੋੜ ਰਹੇ ਹਨ। ਅੱਜ ਲਗਪਗ ਢਾਈ ਮਹੀਨਿਆਂ ਬਾਅਦ ਕੋਰੋਨਾ ਦੇ 22 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ ਵਿੱਚ 22 ਹਜ਼ਾਰ 854 ਮਾਮਲੇ ਸਾਹਮਣੇ ਆਏ ਤੇ 126 ਵਿਅਕਤੀਆਂ ਦੀ ਜਾਨ ਚਲੀ ਗਈ।

ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੀਤੇ ਦਿਨ 18 ਹਜ਼ਾਰ 100 ਵਿਅਕਤੀ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ ਵਧ ਕੇ 1 ਕਰੋੜ 12 ਲੱਖ 85 ਹਜ਼ਾਰ 561 ਹੋ ਗਈ ਹੈ। ਉਂਝ ਇੱਕ ਕਰੋੜ 9 ਲੱਖ 38 ਹਜ਼ਾਰ 146 ਵਿਅਕਤੀ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋਏ ਹਨ।

ਇਸ ਵੇਲੇ ਦੇਸ਼ ਵਿੱਚ 1 ਲੱਖ 89 ਹਜ਼ਾਰ 225 ਵਿਅਕਤੀ ਕੋਰੋਨਾ ਕਾਰਣ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ, ਤਾਮਿਲਨਾਡੂ ਤੇ ਕੇਰਲ ਸਮੇਤ ਦੇਸ਼ ਦੇ 6 ਰਾਜਾਂ ਵਿੱਚ ਰੋਜ਼ਾਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ, ਕਰਨਾਟਕ, ਗੁਜਰਾਤ ਤੇ ਤਾਮਿਲਨਾਡੂ ਵਿੱਚ ਕੋਰੋਨਾ ਕਾਰਣ ਹਾਲਾਤ ਚਿੰਤਾਜਨਕ ਹਨ। ਲਗਪਗ 86 ਫ਼ੀਸਦੀ ਮਾਮਲੇ ਕੇਵਲ ਇਨ੍ਹਾਂ 6 ਰਾਜਾਂ ਤੋਂ ਹੀ ਹਨ।

ਹਾਲਾਤ ਗੰਭੀਰ ਹੋਣ ਕਾਰਨ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ ਤੇ ਪੰਜਾਬ ਵਿੱਚ ਉੱਚ ਪੱਧਰੀ ਟੀਮਾਂ ਤਾਇਨਾਤ ਕੀਤੀਆਂ ਹਨ। ਸਭ ਤੋਂ ਉੱਤੇ ਮਹਾਰਾਸ਼ਟਰ ਹਨ, ਜਿੱਥੇ ਨਵੇਂ ਕੇਸ ਤੇਜ਼ੀ ਨਾਲ ਆ ਰਹੇ ਹਨ। ਇਸ ਰਾਜ ਵਿੱਚ 13 ਹਜ਼ਾਰ 659 ਨਵੇਂ ਮਾਮਲੇ ਕੱਲ੍ਹ ਹੀ ਦਰਜ ਕੀਤੇ ਗਏ। ਕੇਰਲ ਵਿੱਚ 2,316 ਤੇ ਪੰਜਾਬ ਵਿੱਚ 1,027 ਮਾਮਲੇ ਸਾਹਮਣੇ ਆਏ। ਪੰਜਾਬ ਵਿੱਚ ਕੱਲ੍ਹ 20 ਤੇ ਕੇਰਲ ਵਿੱਚ 16 ਮਰੀਜ਼ਾਂ ਦੀ ਮੌਤ ਹੋਈ।

NO COMMENTS