*ਦੂਰ ਦੁਰਾਡੇ ਪਿੰਡਾਂ ਦੇ ਵਸਨੀਕਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ ‘ਜਨ ਸੁਣਵਾਈ ਕੈਂਪ’-ਪ੍ਰਮੋਦ ਸਿੰਗਲਾ*

0
41

ਮਾਨਸਾ, 18 ਮਈ  (ਸਾਰਾ ਯਹਾਂ/  ਮੁੱਖ ਸੰਪਾਦਕ)  : ਦੂਰ ਦੁਰਾਡੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਜ਼ਿਲ੍ਹਾ ਦਫ਼ਤਰਾਂ ਵਿਚ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪਿੰਡਾਂ ਵਿਚ ਲਗਾਏ ਜਾ ਰਹੇ ਜਨ ਸੁਣਵਾਈ ਕੈਂਪ ਲਾਹੇਵੰਦ ਸਾਬਿਤ ਹੋ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਨੇ ਪਿੰਡ ਰਿਊਂਦ ਕਲਾਂ ਵਿਖੇ ਲਗਾਏ ਜਨ ਸੁਣਵਾਈ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ।
ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਆਮ ਲੋਕਾਂ ਪ੍ਰਤੀ ਜਿੰਮੇਵਾਰੀ ਹੈ ਕਿ ਉਨ੍ਹਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਵਿਚ ਹਰ ਸੰਭਵ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਇਹ ਉਪਰਾਲਾ ਹੈ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਕੀਤਾ ਜਾਵੇ ਤਾਂ ਜੋ ਦੂਰ ਦੁਰਾਡੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਵਿਚ ਦੇਰੀ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਜਨ ਸੁਣਵਾਈ ਕੈਂਪ ਵਿਚ ਦਿੱਤੀਆਂ ਦਰਖ਼ਾਸਤਾਂ, ਸ਼ਿਕਾਇਤਾਂ ਤੇ ਸਮੱਸਿਆਵਾਂ ਦਾ ਸਮਾਂਬੱਧ ਨਿਪਟਾਰਾ ਕਰਨ ਲਈ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਹੁਤੀਆਂ ਦਰਖ਼ਾਸਤਾਂ ਜਿੰਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਸੰਭਵ ਸੀ, ਕਰ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਦਰਖ਼ਾਸਤੀ ਨੂੰ ਉਸ ਦੇ ਕੰਮ ਦੀ ਸਥਿਤੀ ਅਤੇ ਕੀਤੀ ਕਾਰਵਾਈ ਬਾਰੇ ਸੂਚਿਤ ਕੀਤਾ ਜਾਵੇ।

NO COMMENTS