ਦੂਰਦਰਸ਼ਨ ਦੀਆਂ ਆਨਲਾਈਨ ਕਲਾਸਾਂ ਦੇ ਨਾਲ-ਨਾਲ ਐਤਵਾਰ ਦਾ ਪ੍ਰੋਗਰਾਮ ਵੀ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਿਆ।

0
41

ਮਾਨਸਾ, 21 ਜੂਨ (ਸਾਰਾ ਯਹਾ/ਹੀਰਾ ਸਿੰਘ ਮਿੱਤਲ) :  ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਆਨਲਾਈਨ ਕਲਾਸਾਂ ਦੇ ਨਾਲ-ਨਾਲ ਹੁਣ ਐਤਵਾਰ ਦਾ ਪ੍ਰੋਗਰਾਮ ਵੀ ਬੱਚਿਆਂ ਦੀ ਖਿੱਚ ਦਾ ਕੇਂਦਰ ਬਣਨ ਲੱਗਿਆ ਹੈ, ਕਰੋਨਾ ਦੀ ਔਖੀ ਘੜੀ ਦੌਰਾਨ ਸਿੱਖਿਆ ਵਿਭਾਗ ਵੱਲ੍ਹੋਂ ਦੂਰਦਰਸ਼ਨ ਅਤੇ ਹੋਰਨਾਂ ਚੈੱਨਲਾਂ ਰਾਹੀ ਬੱਚਿਆਂ ਨੂੰ ਸਿੱਖਿਆ ਪ੍ਰੋਗਰਾਮਾਂ ਨਾਲ ਜੋੜਨਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਮਾਪੇ ਇਸ ਗੱਲੋਂ ਵੀ ਖੁਸ਼ ਹਨ ਕਿ ਨਿਰੰਤਰ ਲੱਗ ਰਹੀਆਂ ਕਲਾਸਾਂ ਨਾਲ ਬੱਚੇ ਹੋਰਨਾਂ ਵਾਧੂ ਪ੍ਰੋਗਰਾਮਾਂ ਦੀ ਥਾਂ ਸਿੱਖਿਆ ਵਿਭਾਗ ਦੇ ਪ੍ਰੋਗਰਾਮਾਂ ਨਾਲ ਜੁੜਨ ਲੱਗੇ ਹਨ।
       ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਪ੍ਰੋਗਰਾਮ ਨਾਲ ਜਿੱਥੇ ਬੱਚੇ ਭਰਪੂਰ ਮਨੋਰੰਜਨ ਕਰਦੇ ਹਨ, ਉੱਥੇ ਉਨ੍ਹਾਂ ਦੇ ਗਿਆਨ ‘ਚ ਵਾਧਾ ਹੁੰਦਾ ਹੈ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਿੱਖਿਆਦਾਇਕ ਲੱਡੂ ਦੀ ਕਹਾਣੀ, ਵੱਖ ਵੱਖ ਅੰਕਾਂ ਰਾਹੀਂ ਪੇਂਟਿੰਗ ਬਣਾਉਣੀ, ਬੇਕਾਰ ਚੀਜ਼ਾਂ ਤੋਂ ਕੁਝ ਚੰਗਾ ਬਣਾਉਣਾ, ਨਿਵੇਕਲੀਆਂ ਤੇ ਦਿਲਚਸਪ ਬੁਝਾਰਤਾਂ ਅਤੇ ਗਿਆਨ ਤੇ ਮਨੋਰੰਜਨ ਦੇ ਸੁਮੇਲ ਨਾਲ ਪੇਸ਼ ਕੀਤਾ ਪ੍ਰੋਗਰਾਮ ਬੱਚਿਆਂ ਲਈ ਦਿਲਚਸਪੀ ਦਾ ਕੇਂਦਰ ਬਣਿਆ ਰਿਹਾ।
ਵੱਖ ਵੱਖ ਅਧਿਆਪਕਾਂ ਨੇ ਇਸ ਸਿੱਖਿਆਦਾਇਕ ਅਤੇ ਮਨੋਰੰਜਨ ਪ੍ਰੋਗਰਾਮਾਂ ਦਾ ਸਵਾਗਤ ਕੀਤਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਘਰਾਗਣਾਂ ਦੇ ਹੈੱਡ ਟੀਚਰ ਪਰਵਿੰਦਰ ਸਿੰਘ ਘਰਾਗਣਾਂ, ਅਧਿਆਪਕ ਗੁਰਮੀਤ ਸਿੰਘ ਚੂਹੜੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਕਲਾਵਾਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਸਿਰਜਣਾਤਮਕ ਨਾਲ ਜੋੜਨ ਦੀ ਵੱਡੀ ਲੋੜ ਹੈ, ਵਿਭਾਗ ਦਾ ਇਹ ਉਪਰਾਲਾ ਪ੍ਰਸ਼ੰਸਾ ਯੋਗ ਹੈ।


ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ, ਬਲਾਕ ਸਿੱਖਿਆ ਅਫ਼ਸਰ ਬੁਢਲਾਡਾ ਅਮਨਦੀਪ ਸਿੰਘ ਅਤੇ ਅਧਿਆਪਕ ਆਗੂ ਰਾਜੇਸ਼ ਕੁਮਾਰ ਬੁਢਲਾਡਾ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਔਖੇ ਵੇਲੇ ਬੱਚਿਆਂ ਲਈ ਇਹ ਪ੍ਰੋਗਰਾਮ ਵਰਦਾਨ ਸਾਬਤ ਹੋ ਰਹੇ ਹਨ, ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਤਹਿਤ ਬੱਚੇ ਜਿੱਥੇ ਸਿੱਖਿਆ ਪ੍ਰੋਗਰਾਮਾਂ ਨੂੰ ਗੰਭੀਰਤਾ ਨਾਲ ਸੁਣਨ ਦੇ ਆਦੀ ਹੋ ਰਹੇ ਹਨ, ਉੱਥੇ ਕਰੋਨਾ ਵਾਇਰਸ ਤੋ ਬਚਣ ਦੀਆਂ ਸਾਵਧਾਨੀਆਂ ਨੂੰ ਵੀ ਸਮਝ ਰਹੇ ਹਨ ਅਤੇ ਉਹ ਆਪਣਾ ਇੱਧਰ ਉੱਧਰ ਜਾਣ ਦਾ ਸਮਾਂ ਦੂਰਦਰਸ਼ਨ ਅਤੇ ਹੋਰਨਾਂ ਚੈੱਨਲਾਂ ਰਾਹੀਂ ਚੰਗੇ ਲੇਖੇ ਲਾ ਰਹੇ ਹਨ, ਮਾਪੇ ਵੀ ਖੁਸ਼ ਹਨ ਕਿ ਘਰ ਬੈਠੇ ਬੱਚਿਆਂ ਲਈ ਸਿੱਖਿਆ ਵਿਭਾਗ ਦੀ ਪਹਿਲ ਕਦਮੀਂ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਲਿਆ ਰਹੀਂ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਕਿ ਬੱਚੇ ਜਿੱਥੇ ਨਿੱਤ ਦਿਨ ਟੀ. ਵੀ. ਚੈੱਨਲਾਂ ਤੇ ਚੱਲ ਰਹੀਆਂ ਕਲਾਸਾਂ ਨੂੰ ਉਡੀਕਦੇ ਹਨ, ਉੱਥੇ ਐਤਵਾਰ ਨੂੰ ਵੀ ਜਲਦੀ-ਜਲਦੀ ਪ੍ਰੋਗਰਾਮ ਦੇਖਣ ਦੀ ਖੁਸ਼ੀ ‘ਚ ਜਲਦੀ ਤਿਆਰ ਹੋ ਕੇ 9 ਵਜੇ ਤੋਂ ਪਹਿਲਾਂ ਹੀ ਦੂਰਦਰਸ਼ਨ ਨੂੰ ਆਨ ਕਰ ਦਿੰਦੇ ਹਨ।

NO COMMENTS