ਦੁਨੀਆ ਭਰ ‘ਚ ਜਗਸੀਰ ਸਿੰਘ ਜੱਗੀ ਦੇ ਚਰਚੇ, ਹੁਣ ਘਰ ਬਣਾ ਕੇ ਦੇਣ ਦਾ ਐਲਾਨ

0
89

ਨਵੀਂ ਦਿੱਲੀ 03,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਬਰਨਾਲਾ ਦੇ ਪਿੰਡ ਪੰਧੇਰ ਦਾ ਜਗਸੀਰ ਸਿੰਘ ਜੱਗੀ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਦਾ ਹੀਰੋ ਬਣ ਗਿਆ ਹੈ। ਉਸ ਦੀ ਲਲਕਾਰ ਦੁਨੀਆ ਭਰ ਵਿੱਚ ਗੂੰਜੀ ਹੈ। ਸੋਸ਼ਲ ਮੀਡੀਆ ਉੱਪਰ ਉਸ ਦੀ ਤੁਲਣਾ ਸ਼ੇਰ ਨਾਲ ਕੀਤੀ ਜਾ ਰਹੀ ਹੈ। ਮੀਡੀਆ ਉਸ ਦੇ ਇੰਟਰਵਿਊ ਲੈ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਡਟਿਆ ਸਿੱਧਾ-ਸਾਦਾ ਜਗਸੀਰ ਸਿੰਘ ਜੱਗੀ ਭਾਵੁਕ ਹੋ ਜਾਂਦਾ ਹੈ। ਹੁਣ ਹਰ ਕੋਈ ਉਸ ਲਈ ਕੁਝ ਕਰਨਾ ਚਾਹੁੰਦਾ ਹੈ। ਉਸ ਦੀ ਬਹਾਦਰੀ ਤੋਂ ਖੁਸ਼ ਪਿੰਡ ਵਾਸੀਆਂ ਨੇ ਉਸ ਦਾ ਸਵਾਗਤ ਕਰਦਿਆਂ ਘਰ ਬਣਾਉਣ ਲਈ ਦਸ ਵਿਸਵੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਵੀ ਉਸ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਲੀਡਰ ਵਿੰਨਰਜੀਤ ਸਿੰਘ ਖਡਿਆਲ ਨੇ ਜੱਗੀ ਪੰਧੇਰ ਨੂੰ ਘਰ ਬਣਾ ਕੇ ਦੇਣ ਦੀ ਪਹਿਲ ਕੀਤੀ ਹੈ। ਵਿੰਨਰਜੀਤ ਮੁਤਾਬਕ ਜੱਗੀ ਬਾਬਾ ਕੋਲ ਖੇਤੀਬਾੜੀ ਲਈ ਜ਼ਮੀਨ ਤਾਂ ਕੀ ਸਗੋਂ ਰਹਿਣ ਲਈ ਛੱਤ ਵੀ ਨਹੀਂ ਸੀ ਪਰ ਉਸ ਦੇ ਹੌਸਲੇ ਤੇ ਜਜ਼ਬੇ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਗੂੰਜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਕੋਲ ਘਰ ਨਹੀਂ ਤਾਂ ਉਨ੍ਹਾਂ ਨੇ ਜੱਗੀ ਬਾਬਾ ਕੋਲੋਂ ਮਦਦ ਕਰਨ ਦੀ ਆਗਿਆ ਲਈ ਹੈ।

ਦੱਸ ਦਈਏ ਕਿ ਕਿਸਾਨੀ ਅੰਦੋਲਨ ਵਿੱਚ ਡਟੇ ਜਗਸੀਰ ਸਿੰਘ ਜੱਗੀ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਵਿੱਚ ਨਵੀਂ ਪਛਾਣ ਮਿਲੀ ਹੈ। ਕੁਝ ਗੁੰਡਿਆਂ ਵੱਲੋਂ ਹਮਲੇ ਵਿੱਚ ਜਗਸੀਰ ਸਿੰਘ ਜੱਗੀ ਜ਼ਖਮੀ ਹੋ ਗਿਆ ਸੀ। ਸਿਰ ’ਚੋਂ ਨਿਕਲਦੇ ਖੂਨ ਦੇ ਬਾਵਜੂਦ ਆਪਣੇ ਕਕਾਰਾਂ ਦੀ ਰਾਖੀ ਕਰਨ ਸਮੇਂ ਉਸ ਦੇ ਹੌਸਲੇ ਬੁਲੰਦ ਸਨ। ਇਹ ਤਸਵੀਰ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਲੋਕ ਇਸ ਨੂੰ ਤੇਜ਼ੀ ਨਾਲ ਸਾਂਝੀ ਕਰਕੇ ਨਾਇਕ ਵਜੋਂ ਪੇਸ਼ ਕਰਨ ਲੱਗੇ।

NO COMMENTS