ਚੰਡੀਗੜ੍ਹ, 15 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ) : ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਪੰਜਾਬ ਸਟੇਟ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਐਨਆਰਆਈ ਮਾਮਲਿਆਂ ਸੰਬੰਧੀ ਯੂਐਸ ਚ ਕੋਆਰਡੀਨੇਟਰ ਤੇ ਇੰਡੀਅਨ ਓਵਰਸਿਜ਼ ਕਾਂਗਰਸ ਪੰਜਾਬ ਵਿਕਦੇ ਯੂਐਸ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦਾ ਉਦਯੋਗ ਭਵਨ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਨਮਾਨ ਕੀਤਾ ਗਿਆ। ਇਸ ਦੌਰਾਨ ਐਨਆਰਆਈ ਸਮਾਜ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਤੇ ਵੀ ਚਰਚਾ ਹੋਈ।
ਇਸ ਦੌਰਾਨ ਦੀਵਾਨ ਤੇ ਬਾਵਾ ਨੇ ਵਿਦੇਸ਼ਾਂ ਚ ਰਹਿ ਕੇ ਉਥੋਂ ਦੀ ਤਰੱਕੀ ਚ ਅਹਿਮ ਯੋਗਦਾਨ ਪਾਉਣ ਵਾਲੇ ਐਨਆਰਆਈ ਭਾਈਚਾਰੇ ਦੀ ਸ਼ਲਾਘਾ ਕੀਤੀ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਭਾਰਤ ਤੇ ਖਾਸ ਕਰਕੇ ਪੰਜਾਬ ਦਾ ਨਾਮ ਵਿਦੇਸ਼ਾਂ ਵਿਚ ਰੋਸ਼ਨ ਕੀਤਾ ਹੈ। ਜਿਹੜੇ ਸਮੇਂ-ਸਮੇਂ ਸਿਰ ਆਪਣੇ ਪਿੰਡਾਂ ਦੇ ਵਿਕਾਸ ਤੇ ਵੀ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਐੱਨਆਰਆਈ ਭਾਈਚਾਰੇ ਨੂੰ ਪੰਜਾਬ ਤੇ ਖਾਸ ਕਰਕੇ ਸਿੱਖਿਆ ਤੇ ਸਿਹਤ ਖੇਤਰਾਂ ਚ ਵੀ ਯੋਗਦਾਨ ਦੇਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ।
ਗੁਰਮੀਤ ਗਿੱਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐਨਆਰਆਈ ਮਾਮਲਿਆਂ ਸਬੰਧੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਨੇ ਉਨ੍ਹਾਂ ਐੱਨਆਰਆਈ ਮਾਮਲਿਆਂ ਸੰਬੰਧੀ ਯੂਐਸ ਚ ਕੋਆਰਡੀਨੇਟਰ ਬਣਾ ਕੇ ਇੱਕ ਵੱਡੀ ਤੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 17 ਫਰਵਰੀ ਨੂੰ ਜਗਰਾਉਂ ਵਿਖੇ ਐਨਆਰਆਈ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਉਹ ਐਨਆਰਆਈ ਭਾਈਚਾਰਾ ਜੁੜੀਆਂ ਜ਼ਮੀਨ ਤੇ ਜ਼ਿਆਦਾਤਰ ਅਤੇ ਜਾਇਦਾਦਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਦਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਛਿੰਦਾ, ਗੁਰਪ੍ਰੀਤ ਸਿੰਘ ਵਿਰਕ, ਇਕਬਾਲ ਸਿੰਘ ਸੰਧੂ, ਇਸ਼ਵਿੰਦਰ ਸਿੰਘ, ਮਨਜੀਤ ਸਿੰਘ ਨਿੱਝਰ ਕੋਆਰਡੀਨੇਟਰ ਯੂਕੇ ਵੀ ਮੌਜੂਦ ਰਹੇ।