ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਮਗਰੋਂ ਰਾਜਧਾਨੀ ਦਿੱਲੀ ਤੋਂ ਲਾਪਤਾ ਹੋਏ ਕਈ ਬਜ਼ੁਰਗ ਤੇ ਨੌਜਵਾਨ ਕਿਸਾਨਾਂ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਲਾਲ ਕਿਲ੍ਹੇ ਦੇ ਕਾਂਡ ਮਗਰੋਂ 100 ਤੋਂ ਵੱਧ ਕਿਸਾਨ ਲਾਪਤਾ ਹਨ। ਜਦਕਿ ਵੱਖ-ਵੱਖ ਕਿਸਾਨ ਸੰਗਠਨ, ਸਵੈ ਸੇਵੀ ਸੰਸਥਾਵਾਂ ਤੇ ਨੇਤਾਵਾਂ ਨੇ ਇਸ ਘਟਨਾ ਮਗਰੋਂ 400 ਤੋਂ ਵੱਧ ਕਿਸਾਨਾਂ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਹੈ। ਇਸ ਮਗਰੋਂ ਦਿੱਲੀ ਪੁਲਿਸ ਹੁਣ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਜਾ ਰਹੀ ਹੈ।
ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਲਾਪਤਾ ਕਿਸਾਨਾਂ ਨੂੰ ਲੱਭਣ ਵਿੱਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਕਰਨ। ਉਨ੍ਹਾਂ ਲਾਪਤਾ ਕਿਸਾਨਾਂ ਦੀ ਭਾਲ ਕਰਨ ਲਈ ਪੰਜਾਬ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਦਾ ਇਸਤਮਾਲ ਕਰਨ ਦੀ ਵੀ ਗੁਹਾਰ ਲਾਈ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਹਾਲੇ ਤੱਕ ਸਿਰਫ 18 ਕਿਸਾਨਾਂ ਬਾਰੇ ਹੀ ਪੁਸ਼ਟੀ ਕੀਤੀ ਹੈ ਬਾਕੀਆਂ ਦਾ ਅਜੇ ਕੋਈ ਅਤਾ ਪਤਾ ਨਹੀਂ।
ਦਿੱਲੀ ਪੁਲਿਸ ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਕੁਝ ਕਿਸਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ ਹੈ। ਅੰਮ੍ਰਿਤਸਰ ਦੀ ਮਨੁੱਖੀ ਅਧਿਕਾਰ ਸੰਸਥਾ ਖਾਲੜਾ ਮਿਸ਼ਨ ਨੇ ਦੋਸ਼ ਲਾਏ ਹਨ ਕਿ ਲਾਪਤਾ ਸਾਰੇ ਲੋਕ ਦਿੱਲੀ ਪੁਲਿਸ ਦੀ ਗੈਰ ਕਾਨੂੰਨੀ ਹਿਰਾਸਤ ਵਿੱਚ ਹਨ। ਮਿਸ਼ਨ ਨੇ ਸੋਮਵਾਰ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਵੀ ਫੈਸਲਾ ਕੀਤਾ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਹੁਸਮ ਸਿੰਘ ਦੇ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਹੈ ਕਿ ਪੰਜਾਬ ਦੇ 80-90 ਨੌਜਵਾਨ 26 ਜਨਵਰੀ ਦੀ ਪਰੇਡ ਮਗਰੋਂ ਆਪਣੇ ਕੈਂਪਾ ਵਿੱਚ ਨਹੀਂ ਪਹੁੰਚੇ। ਹਿੰਸਾ ਦੀਆਂ ਘਟਨਾਵਾਂ ਹੋਣ ਦੇ ਬਾਅਦ ਸਾਰੇ ਨੌਜਵਾਨ ਹੁਣ ਤੱਕ ਆਪਣੇ ਸਾਥੀਆਂ ਤੱਕ ਨਹੀਂ ਪਹੁੰਚੇ ਹਨ ਨਾ ਹੀ ਉਨ੍ਹਾਂ ਦੀ ਕੋਈ ਖ਼ਬਰ ਹੈ। ਮੋਗਾ ਦੇ ਇੱਕ ਪਿੰਡ ਦੇ 12 ਕਿਸਾਨ ਲਾਪਤਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।