ਦਿੱਲੀ ਵੱਲ ਵਗੇਗਾ ਲੱਖਾਂ ਕਿਸਾਨਾਂ ਦਾ ਹੜ੍ਹ, ਇਨ੍ਹਾਂ ਰਾਹਾਂ ‘ਤੇ ਹਰਿਆਣਾ ਸਰਕਾਰ ਨੇ ਲਾਏ ਬੰਨ੍ਹ

0
116

ਚੰਡੀਗੜ੍ਹ 24 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਦੋ ਲੱਖ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਇਹ ਦਾਅਵਾ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾਏਗਾ। ਇਸ ਲਈ ਪੁਲਿਸ ਵੱਲੋਂ ਬਾਰਡਰ ਸੀਲ ਕੀਤਾ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਦਿੱਲੀ ਚੱਲੋ ਮੋਰਚੇ ਤਹਿਤ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖਨੌਰੀ ਤੇ ਡੱਬਵਾਲੀ ਦੇ ਰਸਤੇ ਰਾਹੀਂ ਦੋ ਲੱਖ ਤੋਂ ਵਧੇਰੇ ਕਿਸਾਨ- ਮਜ਼ਦੂਰ ਮਰਦ ਔਰਤਾਂ ਦੇ ਕਾਫਲੇ ਦਿੱਲੀ ਵੱਲ ਕੂਚ ਕਰਨਗੇ।

ਉਗਰਾਹਾਂ ਨੇ ਦਿੱਲੀ ਚੱਲੋ ਮੋਰਚੇ ਦੀਆਂ ਤਿਆਰੀਆਂ ਸਬੰਧੀ ਸੂਬਾ ਹੈਡਕੁਆਰਟਰ ‘ਤੇ ਪੁੱਜੀਆਂ ਰਿਪੋਰਟਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ 15 ਜ਼ਿਲ੍ਹਿਆਂ ਦੇ 800 ਪਿੰਡਾਂ ਵਿੱਚ ਔਰਤਾਂ ਵੱਲੋਂ ਮੁਜ਼ਾਹਰੇ, ਜਾਗੋ ਮਾਰਚ ਤੇ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕਰਕੇ ਦਿੱਲੀ ਚੱਲੋ ਮੋਰਚੇ ਦੀਆਂ ਤਿਆਰੀਆਂ ਨੂੰ ਜ਼ਬਰਦਸਤ ਹੁਲਾਰਾ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਨ੍ਹਾਂ ਦੋਹਾਂ ਰਸਤਿਆਂ ਰਾਹੀਂ ਦਿੱਲੀ ਵੱਲ ਕੂਚ ਕਰਨ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ 15 ਜ਼ਿਲ੍ਹਿਆਂ ਦੇ ਲਗਪਗ 1400 ਤੋਂ ਵਧੇਰੇ  ਪਿੰਡਾਂ ਚੋਂ ਔਰਤਾਂ, ਕਿਸਾਨਾਂ-ਮਜਦੂਰਾ ਤੇ ਨੌਜਵਾਨਾਂ ਦਾ ਹੜ੍ਹ ਦਿੱਲੀ ਵੱਲ ਰਵਾਨਾ ਹੋਵੇਗਾ ਤੇ ਇਸ ਵਿੱਚ ਰੰਗਕਰਮੀ, ਸਾਹਿਤਕਾਰ ਤੇ ਕਲਾਕਾਰ ਵੀ ਸ਼ਾਮਲ ਹੋਣਗੇ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ 13 ਨਵੰਬਰ ਨੂੰ ਕੇਂਦਰੀ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਮੇਂ ਕੇਂਦਰ ਸਰਕਾਰ ਵੱਲੋਂ ਅਪਨਾਏ ਅੜੀਅਲ ਵਤੀਰੇ ਤੋਂ ਬਾਅਦ ਕਿਸਾਨਾਂ ਦਾ ਰੋਹ ਤੇ ਲਾਮਬੰਦੀ ਹੋਰ ਵੀ ਤੇਜ਼ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਰੋਕਿਆ ਤਾਂ ਉੱਥੇ ਹੀ ਮੋਰਚੇ ਸ਼ੁਰੂ ਕਰ ਦਿੱਤੇ ਜਾਣਗੇ। ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਹੈ ਅਤੇ ਉਸ ਨੂੰ ਇਨ੍ਹਾਂ ਦੇ ਜਵਾਬ ਵਿੱਚ ਠੋਸ ਤਜਵੀਜ਼ ਭੇਜਣੀ ਚਾਹੀਦੀ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਦਿੱਲੀ ਮੋਰਚੇ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਆਖਿਆ ਕਿ ਭਾਜਪਾ ਹਕੂਮਤ ਦੀਆਂ ਜਾਬਰ ਚਾਲਾਂ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਥਾਂ ਹੋਰ ਭਖਾਉਣ ਦਾ ਸਾਧਨ ਬਣਨਗੀਆਂ।

NO COMMENTS