*ਦਿੱਤੇ ਗਏ ਟੀਚੇ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ-ਡਿਪਟੀ ਕਮਿਸ਼ਨਰ*

0
16

 ਮਾਨਸਾ, 26 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਫੇਜ-2) ਅਧੀਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਸਬੰਧੀ ਜ਼ਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਕੇ 31 ਮਾਰਚ 2025 ਤੱਕ ਦਿੱਤੇ ਗਏ ਟੀਚੇ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਅਤੇ 31 ਦਸੰਬਰ 2024 ਤੱਕ 50 ਫੀਸਦੀ ਓ.ਡੀ.ਐਫ. ਮਾਡਲ ਪਲੱਸ ਦਾ ਟਾਰਗੇਟ ਦਿੱਤਾ। ਉਨ੍ਹਾਂ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਅੰਦਰ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਜਾਨਾ ਅਧਾਰ ’ਤੇ ਮੋਨੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 19 ਨਵੰਬਰ ਨੂੰ ਸ਼ੁਰੂ ਹੋਈ ਕੰਪੈਨ (ਸਾਡਾ ਪਖਾਨਾ, ਸਾਡਾ ਮਾਣ) 10 ਦਸੰਬਰ ਤੱਕ ਜਾਰੀ ਰਹੇਗੀ। ਇਸ ਮੁਹਿੰਮ ਦਾ ਮੁੱਖ ਟੀਚਾ ਜਨਤਾ ਨੂੰ ਸਫਾਈ ਪ੍ਰਤੀ ਜਾਗ੍ਰਿਤ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ ਵਿੱਚ ਬਣੇ ਸਾਂਝੇ ਪਖਾਨਿਆਂ ਦੀ ਚਾਲੂ ਹਾਲਤ ਅਤੇ ਸਾਫ-ਸਫਾਈ ਵੀ ਰੋਜਾਨਾ ਅਧਾਰ ’ਤੇ ਮੋਨੀਟਿਰਿੰਗ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਜਿਲ੍ਹਾ ਸੈਨੀਟੇਸ਼ਨ ਅਫਸਰ ਇੰਜੀਨਿਅਰ ਕੇਵਲ ਗਰਗ ਨੇ ਐਸ.ਬੀ.ਐਮ. ਦੇ ਵੱਖ-ਵੱਖ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਹੁਣ ਤੱਕ ਜਿਲ੍ਹੇ ਦੇ ਅੰਦਰ 10950 ਵਿਅਕਤੀਗਤ ਪਖਾਨਿਆਂ ਲਈ 1642.50 ਲੱਖ ਰੁਪਏ, 105 ਸਾਝੇ ਪਖਾਨਿਆਂ ਲਈ 220.50 ਲੱਖ ਰੁਪਏ, ਦੋ ਪਲਾਸਟਿਕ ਵੇਸਟ ਮੈਨੇਜਮੈਟ ਪ੍ਰੋਜੈਕਟਾਂ ਲਈ 27.30 ਲੱਖ ਰੁਪਏ, ਤਰਲ ਕੂੜਾ ਪ੍ਰਬੰਧਨ ਲਈ 1400.29 ਲੱਖ ਰੁਪਏ ਅਤੇ ਸੁੱਕਾ ਕੂੜਾ ਪ੍ਰਬੰਧਨ ਲਈ 255.84 ਲੱਖ ਰੁਪਏ ਦੇ ਫੰਡਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਲਈ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਫੇਜ-2) ਤਹਿਤ ਪੇਂਡੂ ਖੇਤਰ ਵਿੱਚ ਬਿਹਤਰ ਅਤੇ ਸੁਰੱਖਿਅਤ ਸੈਨੀਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਸਿਵਲ ਸਰਜਨ, ਜਿਲ੍ਹਾ ਸਿੱਖਿਆ ਅਫਸਰ, ਮੁੱਖ ਖੇਤੀਬਾੜੀ ਅਫਸਰ, ਨਹਿਰੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਵਣ ਮੰਡਲ ਵਿਭਾਗ, ਬਾਗਬਾਨੀ ਵਿਭਾਗ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਾਹਿਬਾਨ ਹਾਜਰ ਸਨ।

NO COMMENTS