*ਦਿਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਮਦਦ ਕਰਨਾ ਹਰੇਕ ਨਾਗਰਿਕ ਦਾ ਫਰਜ਼-ਵਿਧਾਇਕ ਵਿਜੈ ਸਿੰਗਲਾ*

0
48

ਮਾਨਸਾ, 13 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)
  ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਬਿੱਗ ਹੋਪ ਫਾਊਂਡੇਸ਼ਨ, ਰੋਟਰੀ ਕਲੱਬ ਮਾਨਸਾ ਅਤੇ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਸਥਾਨਕ ਗਊਸ਼ਾਲਾ ਭਵਨ ਵਿਖੇ ਅਸੈਸਮੈਂਟ ਕੈਂਪ ਲਗਾਇਆ ਗਿਆ। ਇਸ ਮੌਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਆਪ ਆਗੂ ਚੁਸ਼ਪਿੰਦਰਬੀਰ ਚਹਿਲ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਭਲਾਈ ਲਈ ਵਚਨਬੱਧ ਹੈ। ਸਾਨੂੰ ਸਾਰਿਆਂ ਨੂੰ ਇਨਸਾਨੀਅਤ ਦੇ ਤੌਰ ’ਤੇ ਵੀ ਦਿਵਿਆਂਗਜਨਾਂ ਅਤੇ ਬਜ਼ੁਰਗ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ। ਸਮਾਜ ਵਿਚ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਤਿਕਾਰ ਦੇਣਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਰਕਰਣ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਕੈਂਪ ਸ਼ਲਾਘਾਯੋਗ ਉਪਰਾਲਾ ਹੈ। ਜ਼ਿਲ੍ਹੇ ਦੇ ਲੋੜਵੰਦ ਨਾਗਰਿਕਾਂ ਨੂੰ ਇੰਨ੍ਹਾਂ ਕੈਂਪਾਂ ਦਾ ਲਾਜ਼ਮੀ ਲਾਹਾ ਲੈਣਾ ਚਾਹੀਦਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਣ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ ਵੱਖ ਵੱਖ ਸਥਾਨਾਂ ’ਤੇ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੈਂਪ ਦੌਰਾਨ 190 ਦਿਵਿਆਂਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਸਹਾਇਕ ਉਪਕਰਣ ਵੰਡ ਸਮਾਰੋਹ ਦੌਰਾਨ ਇੰਨ੍ਹਾਂ ਲਾਭਪਾਤਰੀਆਂ ਨੂੰ ਉਪਕਰਣ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 14 ਸਤੰਬਰ ਨੂੰ ਗੁਰਦੁਆਰਾ ਸਰੋਵਰ ਸਾਹਿਬ, ਸਰਦੂਲਗੜ੍ਹ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਅਸੈਸਮੈਂਟ ਕੈਂਪ ਲਗਾਇਆ ਜਾਵੇਗਾ। ਇੰਨ੍ਹਾਂ ਕੈਂਪਾਂ ਦੌਰਾਨ ਲੋੜਵੰਦ ਦਿਵਿਆਂਗ ਅਤੇ ਬਜ਼ੁਰਗ ਵਿਅਕਤੀ ਲਾਹਾ ਜ਼ਰੂਰ ਲੈਣ।
ਇੰਨ੍ਹਾਂ ਕੈਂਪਾਂ ਬਾਰੇ ਹੋਰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਲਵਲੀਨ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣਾਂ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਕੋਈ ਵੀ ਸਹਾਇਕ ਉਪਕਰਣ ਲੈਣ ਲਈ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਜਰੂਰੀ ਯੂ.ਡੀ.ਆਈ.ਡੀ. ਕਾਰਡ, ਆਧਾਰ ਕਾਰਡ, ਆਮਦਨ ਦਾ ਸਰਟੀਫਿਕੇਟ 22,000/- ਰੁਪਏ ਤੋਂ ਘੱਟ ਪ੍ਰਤੀ ਮਹੀਨੇ ਦਾ ਸਰਪੰਚ ਜਾਂ ਐਮ.ਸੀ. ਜਾਂ ਤਹਿਸੀਲਦਾਰ ਤੋਂ ਤਸਦੀਕ ਸ਼ੁਦਾ ਹੋਣਾ ਚਾਹੀਦਾ ਹੈ ਅਤੇ 2 ਪਾਸਪੋਰਟ ਸਾਈਜ ਫੋਟੋ ਅਸੈਸਮੈਂਟ ਕੈਂਪ ਵਿਚ ਨਾਲ ਲੈ ਕੇ ਜ਼ਰੂਰ ਆਉਣੇ ਜ਼ਰੂਰੀ ਹਨ। ਇਨ੍ਹਾਂ ਦਸਤਾਵੇਜਾਂ ਤੋਂ ਬਿਨਾਂ ਕਿਸੇ ਵੀ ਲਾਭਪਾਤਰੀ ਦੀ ਅਸੈਸਮੈਂਟ ਸੰਭਵ ਨਹੀਂ ਹੈ।

NO COMMENTS