*ਦਿਵਾਲੀ ਦੇ ਪਵਿੱਤਰ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਗੰਦੇ ਸੀਵਰੇਜ, ਗੰਦੇ ਕੂੜੇ ਦੇ ਢੇਰਾਂ ਦਾ ਮਾਨਸਾ ਵਾਸੀਆਂ ਨੂੰ ਮਿਲਿਆ ਤੋਹਫ਼ਾ*

0
69

ਮਾਨਸਾ,14 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਮਾਨਸਾ ਵਾਸੀਆਂ ਨੂੰ ਮਿਲਿਆ ਦਿਵਾਲੀ ਦਾ ਤੋਹਫ਼ਾ…. ਮਾਨਸਾ ਸ਼ਹਿਰ ਦੇ ਸਮੂਹ ਨਗਰ ਕੌਂਸਲਰਾਂ ਅਤੇ ਸਮੂਹ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੀਵਰੇਜ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਠਿਕਰੀ ਵਾਲੇ ਚੌਂਕ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ। ਇਸ ਮੌਕੇ ਤੇ ਪਰਮਿੰਦਰ ਸਿੰਘ ਝੋਟੇ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਬੋਲਦਿਆਂ ਕਿਹਾ ਕਿ ਮਾਨਸਾ ਦੇ ਵੋਟਰਾਂ ਨੇ ਵੋਟਾਂ ਪਾਕੇ ਕੋਈ ਗਲਤੀ ਕਰ ਲਈ? ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਸਰਕਾਰ ਦੇ ਲੀਡਰ ਨੇ ਸਾਡੀ ਮਾਨਸਾ ਦੇ ਵਿਕਾਸ ਦੀ ਗੱਲ ਨਹੀਂ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਪਾਸਿਆਂ ਤੋਂ ਫੇਲ੍ਹ ਹੋ ਚੁੱਕੀ ਹੈ। ਨਸ਼ੇ ਸ਼ਰੇਆਮ ਮੈਡੀਕਲ ਸਟੋਰਾਂ ਤੇ ਵਿੱਕ ਰਹੇ ਹਨ। ਗੰਦੇ ਕੂੜੇ ਵੱਡੇ ਵੱਡੇ ਢੇਰ ਅਤੇ ਸੀਵਰੇਜ ਦਾ ਪਾਣੀ ਹਰ ਗਲੀ ਮੁਹੱਲੇ ਵਿੱਚ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਮਾਇਕਲ ਗਾਗੋਵਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦਿਵਾਲੀ ਦੇ ਤਿਉਹਾਰ ਤੇ ਲੋਕ ਆਪਣੇ ਘਰਾਂ ਵਿੱਚ ਸਫ਼ਾਈਆਂ ਕਰਦੇ ਹਨ, ਪੂਜਾ ਕਰਦੇ ਹਨ ਪਰ ਮਾਨਸਾ ਵਾਸੀਆਂ ਨੇ ਪੂਜਾ ਕਰਨ ਦੀ ਬਜਾਏ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਸਿੰਗਲਾ ਦੇ ਘਰ ਮੂਹਰੇ ਧਰਨਾ ਲਗਾਇਆ ਸੀ ਅਤੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਕੋਲ ਸੀਵਰੇਜ ਨੂੰ ਖੋਲ੍ਹਣ ਲਈ ਪੁਖ਼ਤਾ ਪ੍ਰਬੰਧ ਨਹੀਂ ਹਨ। ਜਿਸ ਕਰਕੇ ਸੀਵਰੇਜ ਓਵਰ ਫਲੋ ਜਾਂਦਾ ਹੈ। ਸ਼ਹਿਰ ਵਾਸੀ ਡਿਪਟੀ ਕਮਿਸ਼ਨਰ ਕੋਲ ਆਪਣੀ ਮੰਗ ਲੈਕੇ ਗਏ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਸਾਡੇ ਕੋਲ ਇਸ ਦਾ ਕੋਈ ਹੱਲ ਨਹੀਂ ਹੈ। ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਮਾਨਸਾ ਵਾਸੀਆਂ ਦਾ ਕਸੂਰ ਕੀ ਹੈ। ਕਿਉਂ ਨਹੀਂ ਹੋ ਰਹੇ ਵਿਕਾਸ ਦੇ ਕੰਮ? ਹਲਕਾ ਵਿਧਾਇਕ ਨੂੰ ਇਸ ਕਰਕੇ ਜਿਤਾਇਆ ਸੀ ਕਿ ਉਹ ਮਾਨਸਾ ਸ਼ਹਿਰ ਦੇ ਵਾਸੀਆਂ ਦੀਆਂ ਮੁਸਕਲਾਂ ਦਾ ਹੱਲ ਵੀ ਨਾ ਕਰ ਸਕਣ। ਗੁਰਮੇਲ ਸਿੰਘ ਠੇਕੇਦਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਜਦੇ ਹੋਏ ਮਾਨਸਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਨੂੰ ਜੋ ਦਿਵਾਲੀ ਦੇ ਪਵਿੱਤਰ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਗੰਦੇ ਸੀਵਰੇਜ, ਗੰਦੇ ਕੂੜੇ ਦੇ ਢੇਰਾਂ ਦਾ ਤੋਹਫ਼ਾ ਦਿੱਤਾ ਹੈ ਜੋ ਸਾਡੀਆਂ ਪਾਈਆਂ ਵੋਟਾਂ ਦਾ ਮੁੱਲ ਪਾਇਆ ਹੈ। ਸਾਡੇ ਪੂਜਨੀਕ ਹਲਕਾ ਵਿਧਾਇਕ ਨੂੰ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਪਾਕੇ ਜਿਤਾਇਆ ਸੀ। ਜਿਨ੍ਹਾਂ ਨੇ ਮਾਨਸਾ ਵਾਸੀਆਂ ਦੀਆਂ ਹਰ ਮੁਸ਼ਕਲ ਵਿੱਚ ਸਾਥ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਹੁਣ ਉਨ੍ਹਾਂ ਦੇ ਘਰ ਕੋਲ ਗੰਦੇ ਸੀਵਰੇਜ ਦਾ ਪਾਣੀ ਅਕਸਰ ਦੇਖਣ ਨੂੰ ਮਿਲਦਾ ਹੈ। ਅਜਿਹੇ ਸਾਫ਼ ਸੁਥਰੇ ਮਾਨਸਾ ਸ਼ਹਿਰ ਵਿੱਚ ਲਕਸ਼ਮੀ ਜੀ ਦਾ ਨਿਵਾਸ ਜ਼ਰੂਰ ਹੋਵੇਗਾ ਅਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਮਨੋਕਾਮਨਾਵਾਂ ਕਰਦੇ ਹਾਂ ਕਿ ਪੂਜਨੀਕ ਅਧਿਕਾਰੀਆਂ ਦੇ ਘਰਾਂ ਅਤੇ ਦਫਤਰਾਂ ਵਿੱਚ ਵੀ ਇੰਨੀ ਸਫ਼ਾਈ ਤੇ ਵਿਕਾਸ ਆਵੇ ਅਤੇ ਜਿਵੇਂ ਸਾਡੇ ਕਾਰੋਬਾਰ ਜ਼ਿਆਦਾ ਸਫ਼ਾਈ ਕਰਕੇ ਬੰਦ ਹੋ ਰਹੇ ਹਨ ਉਵੇਂ ਹੀ ਇਨ੍ਹਾਂ ਪੂਜਨੀਕ ਅਧਿਕਾਰੀਆਂ ਨੂੰ ਤਰੱਕੀਆਂ ਬਖ਼ਸ਼ੇ।

NO COMMENTS