ਮਾਨਸਾ, 13 ਸਤੰਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ ਨਗਰ ਮੋਹਾਲੀ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਸਤੰਬਰ 2022 ਦੀ ਅਨੁਪੂਰਕ ਪ੍ਰੀਖਿਆ ਲਈ ਨਿਰਧਾਰਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ, ਵਿਅਕਤੀਆਂ ਵੱਲੋਂ ਪ੍ਰੀਖਿਆਂ ਕੇਂਦਰਾਂ ਵਾਲੀਆਂ ਇਮਾਰਤਾਂ ਦੇ ਆਲੇ ਦੁਆਲੇ ਨਕਲ ਕਰਵਾਉਣ ਦੇ ਮੰਤਵ ਨਾਲ ਖੜ੍ਹੇ ਹੋਣ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣ, ਕਾਨੂੰਨ ਅਤੇ ਵਿਵਸਥਾ ਵਿਚ ਨੁਕਸੇ ਅਮਨ ਪੈਦਾ ਕਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ:) ਮਾਨਸਾ ਵੱਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਸਤੰਬਰ 2022 ਦੀ ਅਨੁਪੂਰਕ ਪ੍ਰੀਖਿਆ 15 ਸਤੰਬਰ 2022 ਤੋਂ 03 ਅਕਤੂਬਰ 2022 ਤੱਕ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 02:15 ਵਜੇ ਤੱਕ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ), ਸਰਦੂਲਗੜ੍ਹ (50101), ਸਰਕਾਰੀ ਸੈਕੰਡਰੀ ਸਕੂਲ (ਲੜਕੇ), ਬੁਢਲਾਡਾ (50461), ਸਰਕਾਰੀ ਸੈਕੰਡਰੀ ਸਕੂਲ (ਲੜਕੇ), ਮਾਨਸਾ (50731) ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿਚ ਅਣਉਚਿਤ ਸਾਧਨਾ ਦਾ ਪ੍ਰਯੋਗ ਹੋਣ, ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਸ਼ਰਾਰਤੀ ਅਨਸਰਾਂ ਦੇ ਇਕੱਠੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਨਾਲ ਉਨ੍ਹਾਂ ਵੱਲੋਂ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੀ ਪਵਿੱਤਰਤਾ ਅਤੇ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਇਹ ਹੁਕਮ 15 ਸਤੰਬਰ, 2022 ਤੋਂ 03 ਅਕਤੂਬਰ, 2022 ਤੱਕ ਲਾਗੂ ਰਹੇਗਾ