*ਦਸਤ ਰੋਕੂ ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋਂ ਘਰ ਘਰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ*

0
30

ਮਾਨਸਾ, 01 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ)
ਸਿਹਤ ਵਿਭਾਗ ਵੱਲੋਂ ਚਲਾਈ ਦਸਤ ਰੋਕੂ ਮੁਹਿੰਮ ਬਾਲ ਮੌਤਾਂ ਨੂੰ ਘੱਟ ਕਰਨ ਲਈ ਸਹਾਈ ਸਿੱਧ ਹੋਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਜਾਗਰੂਕਤਾ ਪੋਸਟਰ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਮਕਸਦ ਦਸਤ (ਡਾਇਰੀਆ) ਨਾਲ ਹੋਣ ਵਾਲੀਆਂ ਬਾਲ ਮੌਤਾਂ ਨੂੰ ਘੱਟ ਕਰਨਾ ਹੈ।
ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਗਰਮੀਆ ਦੇ ਮੌਸਮ ਅਤੇ ਸਾਫ ਸਫਾਈ ਦੀ ਘਾਟ ਕਾਰਨ ਵੱਡੇ ਵਿਅਕਤੀਆਂ ਅਤੇ ਖਾਸ ਕਰ ਛੋਟੇ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ਼ ਨਾ ਕੀਤਾ ਜਾਵੇ ਤਾਂ ਖਾਸ ਕਰਕੇ ਬੱਚਿਆਂ ਲਈ ਜਾਨਲੇਵਾ ਸਿੱਧ ਹੁੰਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਸਾਫ਼ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ, ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ।
           ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਓ.ਆਰ.ਐਸ. ਕਾਰਨਰ ਬਣਾ ਕੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ.ਦਾ ਘੋਲ ਅਤੇ ਜਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਡਾਕਟਰ ਦੀ ਸਲਾਹ ਨਾਲ ਪੀਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਸਰੀਰ ਵਿੱਚ ਪਾਣੀ ਅਤੇ ਖਣਿਜ ਪਦਾਰਥਾਂ ਦੀ ਕਮੀ ਨਾ ਹੋ ਸਕੇ। ਉਨਾਂ ਦੱਸਿਆ ਕਿ ਆਰ.ਬੀ ਐਸ.ਕੇ. ਦੀਆਂ ਟੀਮਾਂ ਦੁਆਰਾ ਵੀ ਸਕੂਲਾਂ ਵਿੱਚ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਬਚਿਆ ਦੇ ਮਾਹਿਰ ਡਾ. ਪਰਵਰਿਸ਼  ਨੇ ਦੱਸਿਆ ਕਿ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਓ.ਆਰ.ਐਸ/ਜਿੰਕ ਕਾਰਨਰ ਬਣਾ ਕੇ ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਆਸ਼ਾ ਦੁਆਰਾ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ, ਜਿੰਨ੍ਹਾ ਘਰਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ, ਉਨਾਂ ਘਰਾਂ ਵਿੱਚ ਪ੍ਰਤੀ ਬੱਚਾ ਦੋ ਦੋ ਪੈਕਟ ਓ.ਆਰ.ਐਸ. ਅਤੇ 14 ਗੋਲੀਆਂ ਜਿੰਕ ਦੀਆਂ ਡਾਕਟਰ ਦੀ ਸਲਾਹ ਨਾਲ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਹਨ,ਉਨ੍ਹਾਂ ਘਰਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਓ.ਆਰ.ਐਸ. ਦਾ ਘੋਲ ਘਰ ਵਿੱਚ ਤਿਆਰ ਕਰਨ ਸਬੰਧੀ  ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੁਹਿੰਮ ਦੌਰਾਣ ਆਰ.ਬੀ.ਐਸ.ਕੇ.ਦੀਆਂ ਟੀਮਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਸ਼ਾ  ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਹੱਥ ਸਾਫ ਕਰਨ ਸਬੰਧੀ  ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਡਾ. ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ, ਡਾਕਟਰ ਹਿਤਿਕਾ ਸ਼ਰਮਾ, ਡਾ. ਮੇਘਨਾ ਥਰੇਜਾ, ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

NO COMMENTS