ਤਲਵੰਡੀ ਸਾਬੋ,13 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਹੁਣ ਮੇਲਿਆਂ ‘ਤੇ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਲੱਗੀ ਹੈ।ਮੇਲੇ ਦੀਆਂ ਭਾਰੀ ਰੌਣਕਾਂ ਦੇ ਬਾਵਜੂਦ ਮਾਪੇ ਬੱਚਿਆਂ ਦੇ ਭਵਿੱਖ ਲਈ ਫਿਕਰਮੰਦ ਦਿਸੇ ਅਤੇ ਮੌਕੇ ‘ਤੇ ਅਨੇਕਾਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਮ ਦਰਜ਼ ਕਰਵਾਏ। ਵਿਸਾਖੀ ਮੇਲੇ ਮੌਕੇ ਦਮਦਮਾ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਬਠਿੰਡਾ ਦੀ ਰਹਿਨੁਮਾਈ ਹੇਠ ਥਾਂ ਥਾਂ ਨੁੱਕੜ ਨਾਟਕ, ਸਮਾਰਟ ਸਕੂਲਾਂ ਦੀਆਂ ਵੀਡੀਓਜ਼ ਵੱਡੀਆਂ ਸਕਰੀਨਾਂ ਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ, ਅਧਿਆਪਕਾਂ ਵੱਲ੍ਹੋਂ ਮੇਲੇ ਦੌਰਾਨ ਵੱਡੀ ਪੱਧਰ ‘ਤੇ ਪੈਫਲਿਟ ਵੰਡੇ ਗਏ। ਲੋਕਾਂ ਵੱਲ੍ਹੋਂ ਵੀ ਹੁਣ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਹਾਮੀ ਭਰੀ।
ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਸਿੱਧੂ, ਡਿਪਟੀ ਡੀਈਓ ਐਲੀਮੈਂਟਰੀ ਬਲਜੀਤ ਸਿੰਘ ਸਦੋਹਾ ਨੇ ਨੁਕੜ ਨਾਟਕਾਂ ਦੇ ਵੱਡੇ ਇਕੱਠਾ ਦੌਰਾਨ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ
ਹੁਣ ਸਰਕਾਰੀ ਸਕੂਲਾਂ ਦੇ ਹਾਣ ਦਾ ਕੋਈ ਪ੍ਰਾਈਵੇਟ ਸਕੂਲ ਨਹੀਂ, ਸਮਾਰਟ ਸਿੱਖਿਆ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਹੈ, ਸਕੂਲਾਂ ਦੀ ਚਮਕ ਦਮਕ ਹੀ ਨਹੀਂ, ਸਗੋਂ ਪੜ੍ਹਾਈ ਦੇ ਮਿਆਰ ਨੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ। ਸ਼ਾਨਦਾਰ ਬਿਲਡਿੰਗਾਂ,ਪੰਜਾਬੀ ਇੰਗਲਿਸ਼ ਮੀਡੀਅਮ, ਸਮਾਰਟ ਪ੍ਰੋਜੈਕਟਰਾਂ,ਈ-ਕੰਟੈਂਟ ਰਾਹੀ ਪੜ੍ਹਾਈ, ਹਰ ਤਰ੍ਹਾਂ ਦੀਆਂ ਆਧੁਨਿਕ ਲੈਬ,ਲਾਇਬਰੇਰੀਆਂ, ਵਿਸ਼ਾਵਾਰ ਪਾਰਕਾਂ,ਆਧੁਨਿਕ ਖੇਡ ਗਰਾਊਂਡਾਂ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ,ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਲੱਗੇ ਮੇਲੇ ਦੌਰਾਨ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਨੇ ਪੂਰੇ ਮਾਲਵਾ ਪੱਟੀ ਚ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਵੱਡੀ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਹੋਰਨਾਂ ਮਾਪਿਆਂ ਤੋ ਇਲਾਵਾ ਤਲਵੰਡੀ ਸਾਬੋ ਤੋ ਗੁਰਜੰਟ ਸਿੰਘ,ਸੇਖਪੁਰਾ ਤੋ ਹਰਭਜਨ ਸਿੰਘ ਨੇ ਮੇਲੇ ਦੇ ਸਾਰੇ ਰਝੇਂਵੇ ਤਿਆਗ ਕੇ ਆਪਣੇ ਬੱਚਿਆਂ ਦੇ ਨਾਮ ਸਰਕਾਰੀ ਸਕੂਲਾਂ ਲਈ ਦਰਜ਼ ਕਰਵਾਏ। ਚਹਿਲਾਂ ਵਾਲੀ ਤੋ ਆਏ ਇਕ ਕਲੱਬ ਪ੍ਰਧਾਨ ਨੇ ਦੱਸਿਆ ਕਿ ਉਹ ਖੁਦ ਪਿੰਡ ਵਾਲੇ ਸਕੂਲ ਦੀ ਕਾਰਗੁਜ਼ਾਰੀ ਤੋ ਪ੍ਰਭਾਵਿਤ ਹੋਕੇ ਉਸ ਦੀ ਹੋਰ ਨੁਹਾਰ ਬਦਲਣ ਲਈ ਯਤਨਸ਼ੀਲ ਹਨ। ਮੋਗਾ ਜ਼ਿਲ੍ਹੇ ਦੇ ਖੋਸਾ ਪਾਡੋਂ ਤੋਂ ਆਏ ਬੁਜਰਗ ਲਛਮਣ ਸਿੰਘ ਨੇ ਦੱਸਿਆ ਕਿ ਉਸ ਦੇ ਪੰਜੇ ਧੀ ਪੁੱਤਰ ਸਰਕਾਰੀ ਸਕੂਲਾਂ ਤੋ ਪੜ੍ਹ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ।
ਇਸ ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਨਿਰਭੈ ਸਿੰਘ ਭੁੱਲਰ,ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਆਰਗੇਨਾਈਜ਼ਰ ਸਕਾਊਂਟ ਐਂਡ ਗਾਈਡ, ਪ੍ਰਿੰਸੀਪਲ ਜਸਪਾਲ ਸਿੰਘ ਸਿੱਖਿਆ ਸੁਧਾਰ ਟੀਮ ਇੰਚਾਰਜ,ਪ੍ਰਿੰਸੀਪਲ ਬਿਕਰਮਜੀਤ ਸਿੱਧੂ, ਪ੍ਰਿੰਸੀਪਲ ਡੀ ਕੇ ਗੋਇਲ, ਪ੍ਰਿੰਸੀਪਲ ਕਰਮਜੀਤ ਸਿੰਘ,ਲੋਕ ਗਾਇਕ ਬਲਵੀਰ ਚੋਟੀਆਂ,ਮਾਸਟਰ ਚੰਦਰ ਸ਼ੇਖਰ,ਜਸਵਿੰਦਰ ਸਿੰਘ ਚਾਹਲ,ਬਲਵਿੰਦਰ ਸਿੰਘ ਬਾਘਾ,ਰਾਜਿੰਦਰ ਸਿੰਘ ਸਟੇਟ ਐਵਾਰਡੀ, ਗੁਰਪਿਆਰ ਸਿੰਘ ਬਾਲਿਆਂਵਾਲੀ ਬਸਤੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੁਖਪਾਲ ਸਿੰਘ ਸਿੱਧੂ ਦਾ ਗੀਤ ” ਚਲੋ ਚਲੋ ਸਰਕਾਰੀ ਸਕੂਲ ” ਅਤੇ ਲੈਕਚਰਾਰ ਹੰਸ ਸਿੰਘ ਸੋਹੀ ਦਾ ਗੀਤ “ਆਜੋ ਆਜੋ ਆਜੋ,ਰੁੱਤ ਦਾਖਲਿਆਂ ਦੀ ਆਈ ਐ “ਮੇਲੇ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।