ਪਟਿਆਲਾ: ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਟੀਮ ਨੇ ਬੀਤੇ ਦਿਨ ਨਾਭਾ ਅਧੀਨ ਪੈਂਦੇ ਰੋਹਟੀ ਪੁਲਿਸ ਚੌਕੀ ‘ਤੇ ਛਾਪਾ ਮਾਰਿਆ। ਦਰਅਸਲ, ਰੋਹਟੀ ਪੁਲਿਸ ਚੌਕੀ ਦਾ ਇੰਚਾਰਜ ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਰਿਹਾਅ ਕਰਦਾ ਸੀ। ਇੰਨਾ ਹੀ ਨਹੀਂ, ਉਹ ਤਸਕਰਾਂ ਕੋਲੋਂ ਬਰਾਮਦ ਨਸ਼ਾ ਆਪਣੇ ਕੋਲ ਰੱਖਦਾ ਸੀ। ਬਾਅਦ ਵਿੱਚ ਇਹ ਨਸ਼ਾ ਹੋਰ ਤਸਕਰਾਂ ਨੂੰ ਵੇਚ ਦਿੰਦਾ ਸੀ। ਐਸਟੀਐਫ ਦੀ ਟੀਮ ਨੇ ਐਤਵਾਰ ਰਾਤ ਚੌਕੀ ‘ਤੇ ਇੰਚਾਰਜ ਮਨਜੀਤ ਸਿੰਘ ਤੇ ਕਾਂਸਟੇਬਲ ਗਗਨਦੀਪ ਸਿੰਘ ਖਿਲਾਫ ਛਾਪਾ ਮਾਰਿਆ। ਦੋਨੋਂ ਪੁਲਿਸ ਮੁਲਾਜ਼ਮ ਫਰਾਰ ਹਨ।
ਡੀਐਸਪੀ (ਐਸਟੀਐਫ) ਸੁਖਅੰਮ੍ਰਿਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਲੰਘੀ ਰਾਤ ਏਐਸਆਈ ਮਨਜੀਤ ਸਿੰਘ ਦੇ ਘਰ ਤੇ ਨਾਭਾ ਦੀ ਰੋਹਟੀ ਪੁਲ ਚੌਕੀ ’ਤੇ ਛਾਪਾ ਮਾਰਿਆ ਤੇ ਕਥਿਤ ਤੌਰ ’ਤੇ ਦੋਵਾਂ ਥਾਵਾਂ ਤੋਂ 5 ਗ੍ਰਾਮ ਹੈਰੋਇਨ, 15 ਕਿਲੋ ਭੁੱਕੀ, 250 ਗ੍ਰਾਮ ਚਰਸ, ਨਾਜਾਇਜ਼ ਸ਼ਰਾਬ ਤੇ 2.7 ਲੱਖ ਨਕਦੀ ਬਰਾਮਦ ਕੀਤੀ।
ਐਸਟੀਐਫ ਪਟਿਆਲਾ ਜ਼ੋਨ ਦੇ ਆਈਜੀ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਏਐਸਆਈ ਤੇ ਕਾਂਸਟੇਬਲ ਦੋਵੇਂ ਫਰਾਰ ਹਨ। ਇਨ੍ਹਾਂ ਲੋਕਾਂ ਖਿਲਾਫ ਭ੍ਰਿਸ਼ਟਾਚਾਰ ਤੇ ਐਨਡੀਪੀਐਸ ਐਕਟ ਦਾ ਕੇਸ ਥਾਣਾ ਐਸਟੀਐਫ ਫੇਸ ਚਾਰ ਮੁਹਾਲੀ ਵਿੱਚ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵਾਂ ਮੁਲਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਐਸਟੀਐਫ ਨੇ ਪਿੰਡ ਰੋਹਟੀ ਚੰਨਾ ਦੀ ਮਹਿਲਾ ਨਸ਼ਾ ਤਸਕਰ ਮਨਜੀਤ ਕੌਰ ਤੇ ਗੁਰਚਰਨ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਐਸਆਈ ਮਨਜੀਤ ਸਿੰਘ ਤੇ ਕਾਂਸਟੇਬਲ ਗਗਨਦੀਪ ਸਿੰਘ ਨੇ 24 ਅਪ੍ਰੈਲ ਨੂੰ ਸਕੂਟੀ ’ਤੇ ਹੈਰੋਇਨ ਲਿਜਾਉਂਦੇ ਹੋਏ ਬਰਿੰਦਰ ਸਿੰਘ ਉਰਫ ਗੱਗੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਮਨਜੀਤ ਕੌਰ ਨਾਮ ਦੀ ਇੱਕ ਮਹਿਲਾ ਤਸਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਐਸਟੀਐਫ ਦੇ ਏਆਈਜੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਦੇ ਘਰੋਂ ਨਕਦੀ ਤੇ ਦਫਤਰ ਵਿੱਚੋ ਨਸ਼ੇ ਬਰਾਮਦ ਕੀਤੇ ਗਏ ਹਨ। ਏਐਸਆਈ ਮਨਜੀਤ ਸਿੰਘ ਤੇ ਕਾਂਸਟੇਬਲ ਗਗਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਏਆਈਜੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫਰਾਰ ਹਨ ਤੇ ਦੋਵਾਂ ਨੂੰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਬਰਖ਼ਾਸਤ ਕਰ ਦਿੱਤਾ ਹੈ।