ਥਰਮਲ ਚ ਡਿਊਟੀ ਕਰਕੇ ਵਾਪਸ ਆ ਰਹੇ ਨੌਜਵਾਨ ਦੀ ਦਰਖ਼ਤ ਡਿੱਗਣ ਕਾਰਨ ਮੌਤ

0
190

ਸਰਦੂਲਗੜ੍ਹ 22 ,ਮਾਰਚ (ਸਾਰਾ ਯਹਾਂ /ਬਲਜੀਤ ਪਾਲ) : ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਸਕਿਓਰਿਟੀ ਗਾਰਡ ਦਾ ਕੰਮ ਕਰਦੇ ਇੱਕ ਨੌਜਵਾਨ ਦੀ ਡਿਊਟੀ ਤੋਂ ਵਾਪਸ ਆਉਂਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਛਾਪਿਆਂਵਾਲੀ ਦਾ ਨੌਜਵਾਨ ਬਲਵਿੰਦਰ ਸਿੰਘ (30) ਪੁੱਤਰ ਬਲਵੀਰ ਸਿੰਘ ਜੋ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਸਕਿਓਰਿਟੀ ਗਾਰਡ ਦੇ ਤੌਰ ਤੇ ਕੰਮ ਕਰ ਰਿਹਾ ਸੀ। ਸੋਮਵਾਰ ਦੀ ਰਾਤ ਡਿਊਟੀ ਕਰਨ ਤੋਂ ਬਾਅਦ ਜਦੋਂ ਅੱਜ ਸਵੇਰੇ ਤਕਰੀਬਨ ਛੇ ਵਜੇ ਆਪਣੇ ਮੋਟਰਸਾਈਕਲ ਤੇ ਉਹ ਵਾਪਸ ਆਪਣੇ ਪਿੰਡ ਛਾਪਿਆਂਵਾਲੀ ਨੂੰ ਜਾ ਰਿਹਾ ਸੀ ਤਾਂ ਥਰਮਲ ਤੋਂ ਥੋੜ੍ਹੀ ਦੂਰ ਹੀ ਪਿੰਡ ਮਾਖਾ ਦੇ ਨਜ਼ਦੀਕ ਤੇਜ ਚੱਲ ਰਹੀ ਹਨੇਰੀ ਕਾਰਨ ਦਰੱਖਤ ਦਾ ਟਾਹਣਾ ਟੁੱਟ ਕੇ ਉਸ ਦੇ ਉੱਪਰ ਡਿੱਗ ਪਿਆ। ਜਿਸ ਕਾਰਨ ਮੋਟਰਸਾਈਕਲ ਤੇ ਆ ਰਹੇ ਬਲਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਉਸਦੇ ਪਿੱਛੇ ਆ ਰਹੇ ਹੋਰ ਵਿਅਕਤੀ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਉਸ ਨੂੰ ਮੁੱਢਲੀ ਸਹਾਇਤਾ ਦੇਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤਕ ਉਸਦੀ ਮੌਤ ਹੋ ਚੁੱਕੀ ਸੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਝੱਬਰ ਅਤੇ ਰਾਮ ਸਿੰਘ ਭੈਣੀਬਾਘਾ ਦੀ ਅਗਵਾਹੀ ਹੇਠ ਥਰਮਲ ਦੇ ਗੇਟ ਅੱਗੇ ਇਕ ਧਰਨਾ ਲਗਾ ਕੇ ਮੰਗ ਕੀਤੀ ਗਈ ਕਿ ਮ੍ਰਿਤਕ ਦੇ ਪਰਿਵਾਰ ਨੂੰ ਥਰਮਲ ਵਿੱਚ ਨੌਕਰੀ ਅਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਯੂਨੀਅਨ ਦੇ ਆਗੂਆਂ ਅਤੇ ਪਰਿਵਾਰਕ ਮੈਬਰਾਂ ਨਾਲ ਪੁਲੀਸ ਪ੍ਰਸ਼ਾਸਨ ਅਤੇ ਥਰਮਲ ਅਧਿਕਾਰੀਆਂ ਨੇ ਰਾਬਤਾ ਕਾਇਮ ਕਰਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਜਿਸ ਪਿੱਛੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਥਰਮਲ ਅਧਿਕਾਰੀਆਂ ਨੇ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ।ਮ੍ਰਿਤਕ ਬਲਵਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਮਾਤਾ-ਪਿਤਾ ਅਤੇ ਇੱਕ ਪੰਜ ਸਾਲ ਦਾ ਲੜਕਾ ਛੱਡ ਗਿਆ ਹੈ । ਇਸ ਸੰਬੰਧੀ ਥਾਣਾ ਮੁਖੀ ਸਦਰ ਮਾਨਸਾ ਸੰਦੀਪ ਭਾਟੀ ਦਾ ਕਹਿਣਾ ਹੈ ਕਿ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ।

NO COMMENTS