ਮਾਨਸਾ 31 ਮਈ(ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਡਾ.ਜਸਵਿੰਦਰ ਸਿੰਘ ਦੀ ਰਹਿਨੁਮਈ ਹੇਠ ਬਾਬਾ ਭਾਈ ਗੁਰਦਾਸ ਟਰੱਕ ਯੂਨੀਅਨ ਦਾਣਾ ਮੰਡੀ ਮਾਨਸਾ ਵਿਖੇ ‘ਨੋ ਤੰਬਾਕੂ ਦਿਵਸ’ ਮਨਾਇਆ ਗਿਆ।
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਪਗ 59 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਤੰਬਾਕੂ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਜਬਾੜੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ । ਤੰਬਾਕੂ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧਦਾ ਹੈ। ਤੰਬਾਕੂ ਦਾ ਸੇਵਨ ਕਰਨ ਨਾਲ ਹਰ ਸਾਲ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਤਿੰਨ ਲੱਖ ਨਵੇਂ ਮਾਮਲੇ ਦਿਲ ਦੀਆਂ ਬਿਮਾਰੀਆਂ ਦੇ 58 ਲੱਖ ਕੇਸ ਅਤੇ ਤੰਬਾਕੂ ਨਾਲ ਸਬੰਧਿਤ ਹੋਰ ਖਤਰਨਾਕ ਬੀਮਾਰੀਆਂ ਦੇ 80 ਲੱਖ ਕੇਸ ਸਾਹਮਣੇ ਆਉਂਦੇ ਹਨ। ਤੰਬਾਕੂ ਦਾ ਸੇਵਨ ਕਰਨ ਨਾਲ ਵਿਅਕਤੀ ਦੇ ਚਿਹਰੇ ’ਤੇ ਉਮਰ ਤੋਂ ਪਹਿਲਾਂ ਝੁਰੜੀਆਂ ਦਾ ਪੈਣਾ, ਦੰਦਾਂ ਦੀਆਂ ਕਈ ਬੀਮਾਰੀਆਂ ਦਾ ਲੱਗਣਾ, ਬਲੱਡ ਪ੍ਰੈਸ਼ਰ ਦਾ ਵਧਣਾ, ਸ਼ਾਹ ਦਮਾ, ਹੱਡੀਆਂ ਦੀ ਕਮਜ਼ੋਰੀ ,ਅੱਖਾਂ ਦੀ ਨਿਗਾ ਦਾ ਘਟਣਾ ਜਿਹੀਆਂ ਅਨੇਕਾਂ ਬਿਮਾਰੀਆਂ ਸਾਹਮਣੇ ਆਉਂਦੀਆਂ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ‘ਨੋ ਤੰਬਾਕੂ ਡੇਅ’ ਜਿਹੇ ਦਿਵਸ ਮਨਾਏ ਜਾਣ ਦੀ ਮਹੱਤਤਾ ਹੈ।
ਇਸ ਮੌਕੇ ਸਹਾਇਕ ਮਲੇਰੀਆ ਅਫਸਰ, ਸ੍ਰੀ ਕੇਵਲ ਸਿੰਘ ਨੇ ਦੱਸਿਆ ਕਿ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਨਾਲ ਨਾਲ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਨੂੰ ਘੱਟ ਕਰਨਾ ਹੈ। ਉਨਾਂ ਕਿਹਾ ਕਿ ਜੋ ਵਿਅਕਤੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੇ ਨਜ਼ਦੀਕ ਸਰਕਲ ਵਿੱਚ ਆਉਂਦਾ ਹੈ, ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਹਰ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ਸਮਾਜਿਕ, ਧਾਰਮਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31ਮਈ 1988 ਤੋਂ ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਨੂੰ ਮਹਿਸੂਸ ਕਰਦਿਆਂ ਕੀਤੀ ਗਈ। ਤੰਬਾਕੂ ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ ਹੈ।
ਇਸ ਮੌਕੇ ਡਾ ਅਰਸ਼ਦੀਪ ਜ਼ਿਲਾ ਐਪੀਡਮੋਲੋਜਿਸਟ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ, ਰਿੰਪੀ ਮਾਨਸ਼ਹੀਆ ਟਰੱਕ ਯੂਨੀਅਨ ਦੇ ਪ੍ਰਧਾਨ, ਮੁਨਸ਼ੀ ਵੇਦ ਭੁਸ਼ਨ ਬੰਟੀ, ਮੈੰਬਰ ਬੂਟਾ ਸਿੰਘ, ਭੋਲਾ ਸਿੰਘ ਅਤੇ ਹੋਰ ਮੈਂਬਰਾਂ ਮੌਜੂਦ ਸਨ।