*ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ*

0
40

ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ

(ਖੁਦ ਦੇ ਨਾਲ ਨਾਲ ਸਮਾਜ ਨੂੰ ਵੀ ਰੋਗੀ ਬਣਾਉਂਦੇ ਹਨ ਤੰਬਾਕੂਨੋਸ਼ੀ ਕਰਨ ਵਾਲੇ)
      ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ਭਰ ਵਿੱਚ ਕੌਮਾਂਤਰੀ ਤੰਬਾਕੂਮੁਕਤ ਦਿਵਸ  ਮਨਾਇਆ ਜਾਂਦਾ ਹੈ।  ਇਸ ਦਿਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਕ ਖੋਜ ਮੁਤਾਬਿਕ ਤੰਬਾਕੂ ਦਾ ਸੇਵਨ ਬਹੁਤ ਸਾਰੇ ਨੌਜਵਾਨ ਪਹਿਲਾ ਕਈ ਵਾਰ ਸ਼ੋਕ ਨਾਲ ਅਣਜਾਣਪੁਣੇ ਵਿੱਚ ਕਰਦੇ ਹਨ ਫਿਰ ਇਸ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਵੀ ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੀ ਬਜਰੁਗ ਪੀੜੀ ਵਿੱੱਚ ਲਗਾਤਾਰ ਇਸਦਾ ਸੇਵਨ ਕੀਤਾ ਜਾ ਰਿਹਾ ਅਤੇ ਉਹ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਚੱਲੀ ਜਾਂਦਾ ਹੈ ਜਿਸਤੇ ਰੋਕ ਲੱਗਣਾ ਲਾਜਮੀ ਹੁੰਦਾ ਹੈ ਜਾਂ ਫਿਰ ਉਹ ਕਿਸੇ ਮਾਨਸਿਕ ਰੋਗ ਨਾਲ ਗ੍ਰਹਿਸਤ ਹੋ ਚੁੱਕੇ ਹਨ ਜਿਸ ਤੋਂ ਇਹ ਤੰਬਾਕੂ ਸੇਵਨ ਕਰਨ ਦੀ ਆਦਤ ਉਨ੍ਹਾ ਨੂੰ ਇਕ ਦਿਨ ਸਮੇਂ ਤੋਂ ਪਹਿਲਾ ਹੀ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ । ਸਿਹਤ ਪੱਖੋਂ  ਕੋਈ ਵੀ ਨਸ਼ਾ ਲਾਭਦਾਇਕ ਨਹੀਂ ਹੈ। ਇਹ ਸਮਾਜਿਕ, ਪਰਿਵਾਰਕ ਤੇ ਸਰੀਰਕ ਪੱਖੋਂ ਹਾਨੀਕਾਰਕ ਤਾਂ ਹੈ ਹੀ, ਨਾਲ ਹੀ ਮੈਡੀਕਲ ਦੇ ਮੁਤਾਬਕ ਹਜ਼ਾਰਾਂ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਅਤੇ ਲੱਖਾਂ ਜਾਨਾਂ ਦੇ ਜਾਣ ਦਾ ਕਾਰਣ ਬਣਦਾ ਹੈ। ਹੋਰ ਤਾਂ ਹੋਰ, ਇਨਸਾਨ ਇਨ੍ਹਾਂ ਅਵੇਸਲਾ ਅਤੇ ਅਣਗਹਿਲੀ ਦਾ ਭਰਿਆ ਹੋਇਆ ਹੈ ਕਿ ਆਪਣੀ ਜੇਬ ਵਿੱਚੋਂ ਪੈਸੇ ਗਵਾ ਕੇ, ਇਨ੍ਹਾਂ ਬੀਮਾਰੀਆਂ ਅਤੇ ਮੌਤ ਨੂੰ ਦਾਵਤ ਦਿੰਦਾ ਹੈ।      ਤੰਬਾਕੂਨੋਸ਼ੀ ਦੇ ਕਾਰਨ ਕਈ ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਲੱਗ ਜਾਂਦੀਆਂ ਹਨ ਜਿਹਨਾਂ ਵਿੱਚ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ ਰੋਗ ਆਦਿ ਅਨੇਕਾਂ ਬੀਮਾਰੀਆਂ ਸ਼ਾਮਲ ਹਨ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ ਵਿਚੋਂ 40 ਲੋਕ ਤੰਬਾਕੂ ਦੀ ਆਦਤ ਕਾਰਨ ਮਰਦੇ ਹਨ। ਤੰਬਾਕੂ ਦਾ ਸੇਵਨ ਭਾਵੇਂ ਕਿਸੇ ਵੀ ਰੂਪ ਵਿਚ ਜਾਂ ਕਿਸੇ ਵੀ ਮਾਤਰਾ ਵਿਚ ਕੀਤਾ ਜਾਵੇ ਸੁਰੱਖਿਅਤ ਨਹੀਂ ਹੈ। ਤੰਬਾਕੂ ਦਾ ਸੇਵਨ ਹਮੇਸ਼ਾ ਨੁਕਸਾਨ ਪਹੁੰਚਾਉਂਦਾ ਹੈ। ਕਿਸੇ ਹੋਰ ਦੀ ਬੀਡ਼ੀ ਜਾਂ ਸਿਗਰਟ ਤੋਂ ਆਉਣ ਵਾਲੇ ਧੂੰਏਂ ਨੂੰ ਸਹਿਣ ਕਰਨਾ ਸੈਕਿੰਡਰੀ ਸਮੋਕਿੰਗ ਕਹਾਉਂਦਾ ਹੈ। ਸੈਕਿੰਡਰੀ ਸਮੋਕਿੰਗ ਸਿਗਰਟ, ਬੀੜੀ ਨਾ ਪੀਣ ਵਾਲੇ ਵਿਅਕਤੀਆਂ ਅਤੇ ਬੱਚਿਆਂ ਦੀ ਸਿਹਤ ਨੂੰ ਸਿਗਰਟ ਪੀਣ ਵਾਲੇ ਵਿਅਕਤੀਆਂ ਦੀ ਤਰ੍ਹਾਂ ਹੀ ਨੁਕਸਾਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਤੰਬਾਕੂ ਤੰਬਾਕੂਨੋਸ਼ੀ ਕਰਨ ਵਾਲੇ ਖੁਦ ਦੇ ਨਾਲ ਨਾਲ ਸਮਾਜ ਨੂੰ ਵੀ ਰੋਗੀ ਬਣਾਉਂਦੇ ਹਨ। ਇਸਦੇ ਸੇਵਨ ਨਾਲ ਕੈਂਸਰ ਤੋਂ ਇਲਾਵਾ ਹੋਰ ਕਈ ਖਤਰਨਾਕ ਬੀਮਾਰੀਆਂ ਜਿਵੇਂ-ਲਕਵਾ, ਦਮਾ, ਨਿਮੋਨੀਆ, ਦਿਲ ਦਾ ਦੌਰਾ, ਬੱਚਾ ਨਾ ਹੋਣਾ, ਵਾਰ-ਵਾਰ ਗਰਭਪਾਤ, ਮਰੇ ਬੱਚੇ ਦਾ ਜਨਮ ਆਦਿ ਹੋ ਸਕਦੀਆਂ ਹਨ। ਤੰਬਾਕੂ ਇਕ ਮਿੱਠਾ ਜ਼ਹਿਰ ਹੈ, ਇਸਦੀ ਲਪੇਟ ਵਿਚ ਮਰਦ-ਔਰਤਾਂ ਤੇ ਬੱਚੇ ਵੱਡੀ ਗਿਣਤੀ ਵਿਚ ਆ ਚੁੱਕੇ ਹਨ। ਜੇਕਰ 10 ਮਰੀਜ਼ ਮੂੰਹ, ਗਲੇ ਅਤੇ ਫੇਫੜੇ ਦੇ ਕੈਂਸਰ ਤੋਂ ਪੀੜ੍ਹਿਤ ਹੁੰਦੇ ਹਨ ਤਾਂ ਉਹਨਾਂ ਵਿਚੋਂ 9 ਮਰੀਜ਼ਾਂ ਦੇ ਕੈਂਸਰ ਹੋਣ ਦਾ ਕਾਰਨ ਤੰਬਾਕੂ ਸੇਵਨ ਹੁੰਦਾ ਹੈ। ਲਕਵਾ ਕੈਂਸਰ ਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਤੰਬਾਕੂਨੋਸ਼ੀ ਹੈ।   ਜੇਕਰ ਤੁਹਾਡੇ ਆਸਪਾਸ ਕੋਈ ਵਿਅਕਤੀ ਬੀੜੀ-ਸਿਗਰਟ ਪੀ ਰਿਹਾ ਹੈ ਤਾਂ ਉਸ ਦੇ ਧੂੰਏ ਨਾਲ ਬੱਚਿਆਂ ਦੇ ਦਿਲ ਤੇ ਦਿਮਾਗ ਤੇ ਭੈੜਾ ਅਸਰ ਹੁੰਦਾ ਹੈ। ਜ਼ਿਆਦਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿੱਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੇ ਕੈਂਸਰ ਦੀ ਬਿਮਾਰੀ 15 ਤੋਂ 30 ਗੁਣਾ ਵੱਧ ਪਾਈ ਜਾਂਦੀ ਹੈ। ਤੰਬਾਕੂ ਵਿਚ ਪਾਈ ਜਾਣ ਵਾਲੀ ਨਿਕੋਟੀਨ ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦੀ ਹੈ।     ਬਹੁਤ ਸਾਰੇ ਦੇਸ਼ਾਂ ਵਿੱਚ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਕਿ ਇਸਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ ਸਾਲ 2003 ਵਿਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ। ਇਸ ਐਕਟ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਜਨਤਕ ਥਾਵਾਂ ਤੇ ਬੀੜੀ ਤੇ ਸਿਗਰਟ ਪੀਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ।  ਤੰਬਾਕੂ ਵਾਲੀ ਕਿਸੇ ਵੀ ਚੀਜ਼ ਦਾ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਸਕੂਲਾਂ-ਕਾਲਜਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਕਾਨੂੰਨਨ ਜੁਰਮ ਹੈ।      ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ ਹੈ ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਨਹੀਂ ਝਿਜਕਦੇ। ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ  ਬਚਾਅ ਲਈ ਜੇਕਰ ਕੋਈ ਵੀ ਵਿਅਕਤੀ ਤੰਬਾਕੂ ਦਾ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਹੋਲੀ-ਹੋਲੀ ਛੱਡ ਦੇਵੇ, ਕਿਉਂਕਿ ਇਸਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ। ਤੰਬਾਕੂਨੋਸ਼ੀ ਨੂੰ ਪੱਕਾ ਨਿਸ਼ਚਾ ਕਰਕੇ ਹੀ ਛੱਡਿਆ ਜਾ ਸਕਦਾ ਹੈ ਕਿਉਂਕਿ ਇਹ ਇੱਕ ਆਦਤ ਹੈ ਨਾ ਕਿ ਜ਼ਰੂਰਤ।  ਆਓ ਅੱਜ ਤੰਬਾਕੂ ਮੁਕਤ ਦਿਵਸ ਤੇ ਪ੍ਰਣ ਕਰ ਕੇ ਆਪਣੀ ਅਤੇ ਸਮਾਜ ਦੀ ਤੰਦਰੁਸਤੀ ਲਈ ਖੁਦ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਈਏ ਅਤੇ ਦੂਸਰਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦਾ ਯਤਨ ਕਰੀਏ।

ਚਾਨਣ ਦੀਪ ਸਿੰਘ ਔਲਖ,

NO COMMENTS