*ਤੰਦਰੁਸਤ ਰਹਿਣ ਲਈ ਸਵੇਰ ਦੀ ਸੈਰ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਚਾਹੀਦਾ ਹੈ-ਡਿਪਟੀ ਕਮਿਸ਼ਨਰ*

0
123

ਮਾਨਸਾ, 07 ਅਪ੍ਰੈਲ(ਸਾਰਾ ਯਹਾਂ/  ਮੁੱਖ ਸੰਪਾਦਕ) :ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਹਮੇਸ਼ਾਂ ਤੰਦਰੁਸਤ ਰਹਿਣ ਲਈ ਸਵੇਰ ਦੀ ਸੈਰ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਵਿਸ਼ਵ ਸਿਹਤ ਦਿਵਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੱਲੋਂ ਆਯੋਜਿਤ ‘ਸਵੇਰ ਦੀ ਸੈਰ’ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਕੀਤਾ। ਇਹ ਸੈਰ ਗੁਰੂਦੁਆਰਾ ਚੌਂਕ ਤੋਂ ਠੀਕਰੀਵਾਲਾ ਚੌਂਕ ਹੁੰਦੇ ਹੋਏ ਸ਼ਾਮ ਸਵੀਟਸ ਨੇੜੇ ਜਾ ਕੇ ਖ਼ਤਮ ਹੋਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੈਰ, ਕਸਰਤ ਅਤੇ ਚੰਗੀ ਸੰਤੁਲਿਤ ਖੁਰਾਕ ਖਾਣ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਖੁਦ ਇਨ੍ਹਾਂ ਚੀਜ਼ਾਂ ਨੂੰ ਅਪਣਾਉਣ ਦੀ ਲੋੜ ਹੈ, ਉਥੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਵੀ ਸਵੇਰ ਦੀ ਸੈਰ ਅਤੇ ਚੰਗੇ ਖਾਣ-ਪੀਣ ਵੱਲ ਪ੍ਰੇਰਿਤ ਕਰੀਏ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ-ਸਮੇਂ ’ਤੇ ਆਪਣੇ ਬੱਚਿਆਂ ਦੀ ਕਾਊਂਸÇਲੰਗ ਕਰਕੇ ਉਨ੍ਹਾਂ ਨੂੰ ਸਵੇਰ ਦੀ ਸੈਰ, ਖੇਡਾਂ, ਕਸਰਤ ਵੱਲ ਪ੍ਰੇਰਿਤ ਕਰਨ, ਤਾਂ ਜੋ ਬੱਚਿਆਂ ਦੀ ਮੋਬਾਇਲ ਦੀ ਆਦਤ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਆਪਣੀ ਦਿਲਚਸਪੀ ਵਧਾਉਣ ਅਤੇ ਸਿਹਤ ਦਾ ਖਾਸ ਧਿਆਨ ਰੱਖਣ ਲਈ ਕਿਹਾ।
ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਵਿਸ਼ਵ ਸਿਹਤ ਦਿਵਸ ਹੈਲਥ ਫਾਰ ਆਲ ਥੀਮ ਦੇ ਵਿਸ਼ੇ ਅਧੀਨ ਅੱਜ ਸਵੇਰ ਦੀ ਸੈਰ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਸਮਾਜ ਲਈ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤਿੰਨਾਂ ਪੱਖਾਂ ਤੋਂ ਤੰਦਰੁਸਤ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੈਰ, ਕਸਰਤ, ਯੋਗਾ, ਖੇਡਾਂ ਕਰਨ ਨਾਲ ਅਸੀਂ ਸਰੀਰਕ ਤੌਰ ’ਤੇ ਤੰਦਰੁਸਤ ਹੁੰਦੇ ਹਾਂ ਉਥੇ ਹੀ ਨਕਾਰਾਤਮਕ ਸੋਚ ਨੂੰ ਖ਼ਤਮ ਕਰਕੇ ਅਸੀਂ ਮਾਨਸਿਕ ਤੌਰ ’ਤੇ ਤੰਦਰੁਸਤ ਹੋ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਾਨਾ ਸਵੇਰੇ 1 ਘੰਟਾ ਆਪਣੀ ਸਿਹਤ ਦੀ ਦੇਖਭਾਲ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ਪਰਮਾਤਮਾ ਦੀ ਦੇਣ ਹੈ ਅਤੇ ਉਸਨੂੰ ਸਿਹਤਮੰਦ ਬਣਾ ਕੇ ਸੰਭਾਲਣਾ ਸਾਡੀ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਸਵੇਰ ਦੀ ਸੈਰ ਵਿੱਚ ਆਈ.ਐਮ.ਏ. ਦੇ ਡਾਕਟਰਾਂ ਨੇ ਆਪਣੇ ਪਰਿਵਾਰ ਸਮੇਤ ਹਿੱਸਾ ਲਿਆ।
ਇਸ ਸਵੇਰ ਦੀ ਸੈਰ ਵਿੱਚ ਵਾਇਸ ਆਫ਼ ਮਾਨਸਾ, ਮਾਨਸਾ ਸਾਇਕਲ ਗਰੁੱਪ, ਈਕੋ ਸਾਇਕਲ ਗਰੁੱਪ, ਸੀਨੀਅਰ ਸਿਟੀਜਨ ਕੌਂਸਲ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਆਪਣਾ ਸਹਿਯੋਗ ਦਿੱਤਾ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਾਨਸਾ ਵਿਜੇ ਸਿੰਗਲਾ, ਬਾਬਾ ਭਾਈ ਗੁਰਦਾਸ ਤੋਂ ਮਹੰਤ ਸ਼੍ਰੀ ਅੰਮ੍ਰਿਤਮੁਨੀ ਜੀ, ਜਨਰਲ ਸਕੱਤਰ ਆਈ.ਐਮ.ਏ. ਡਾ. ਸ਼ੇਰ ਜੰਗ ਸਿੰਘ ਸਿੱਧੂ, ਵਿੱਤ ਸਕੱਤਰ ਆਈ.ਐਮ.ਏ. ਡਾ. ਸ਼ੁਰੇਸ਼ ਸਿੰਗਲਾ, ਡਾ. ਟੀ.ਪੀ.ਐਸ.ਰੇਖੀ, ਡਾ. ਪਰਸ਼ੋਤਮ ਜਿੰਦਲ, ਡਾ. ਪਵਨ ਗੋਇਲ, ਡਾ. ਨਿਸ਼ਾਨ ਸਿੰਘ, ਡਾ. ਅਨਿਲ ਮੋਂਗਾ ਡਾ. ਕੇ.ਪੀ. ਸਿੰਗਲਾ, ਸਕੱਤਰ ਵਾਇਸ ਆਫ਼ ਮਾਨਸਾ ਵਿਸ਼ਵਦੀਪ ਬਰਾੜ, ਡਾ. ਗੁਰਪ੍ਰੀਤ ਕੌਰ, ਡਾ. ਸੁਨੀਤ ਜਿੰਦਲ, ਵਿਸ਼ਾਲ ਗੋਲਡੀ, ਬਿੱਕਰ ਮਘਾਣੀਆਂ, ਸੰਜੀਵ ਕੁਮਾਰ ਪਿੰਕਾ, ਪਰਵੀਨ ਸ਼ਰਮਾ ਟੋਨੀ, ਵਿਸ਼ਾਲ ਸ਼ਰਮਾ, ਹੇਮਾ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰਾਂ, ਸ਼ਹਿਰ ਵਾਸੀਆਂ, ਪੁਲਿਸ ਅਤੇ ਸਿਵਲ ਪੈਨਸ਼ਨਰਜ਼ ਅਤੇ ਸਾਬਕਾ ਫੌਜੀਆਂ ਨੇ ਹਿੱਸਾ ਲਿਆ।

NO COMMENTS