*ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਲਈ ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਨੂੰ ਦਿੱਤਾ ਮੰਗ ਪੱਤਰ*

0
10

(ਸਾਰਾ ਯਹਾਂ/ਬਿਊਰੋ ਨਿਊਜ਼ )  : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਦਿੰਦਿਆ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵੱਲੋਂ ਹਵਾੜਾ ਤੋਂ ਦੋ ਦਿਨ ਚੱਲਣ ਵਾਲੀ ਰੇਲ ਗੱਡੀ ਨੂੰ ਰੋਜ਼ਾਨਾ ਚਲਾਉਂਣ ਦੀ ਮੰਗ ਕੀਤੀ।

ਸੰਤ ਸੀਚੇਵਾਲ ਨੇ ਪਾਰਲੀਮੈਂਟ ਹਾਊਸ ਵਿੱਚ ਰੇਲ ਮੰਤਰੀ ਵੈਸ਼ਨਵ ਨਾਲ ਕੀਤੀ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਬੀਤੇ ਦਿਨੀ ਤਖ਼ਤ ਸ਼੍ਰੀ ਪਟਨਾ ਸਾਹਿਬ ਨਤਮਸਤਕ ਹੋਣ ਲਈ ਗਏ ਸਨ ਤੇ ਜਿੱਥੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਸੰਗਤਾਂ ਦੀ ਆਸਥਾ ਨੂੰ ਮੱੁਖ ਰੱਖਦਿਆ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਤੇ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਲਈ ਮੰਗ ਕੀਤੀ ਗਈ ਸੀ।

ਇਸ ਦੌਰਾਨ ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਅੱਗੇ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਦੀ ਮੰਗ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ ਰੇਲਵੇ ਮੰਤਰੀ ਵੱਲੋਂ ਭਰੋਸਾ ਦਿੱਤਾ ਹੈ ਕਿ ਸਿੱਖ ਜਗਤ ਦੇ ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਸ਼ਰਧਾਂਲੂਆਂ ਦੀ ਚਿਰੋਕਣੀ ਮੰਗ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਤੇ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਕੀਤਾ ਜਾਵੇਗਾ ਤਾਂ ਜੋ ਸਿੱਖ ਸ਼ਰਧਾਂਲੂਆਂ ਨੂੰ ਪਟਨਾ ਸਾਹਿਬ ਅਤੇ ਇਸ ਇਲਾਕੇ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ।

ਸੰਤ ਸੀਚੇਵਾਲ ਨੇ ਦੱਸਿਆ ਕਿ ਤਖ਼ਤ ਸਾਹਿਬ ਦੀ ਯਾਤਰਾ ਦੌਰਾਨ ਉਥੋਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਵੱਲੋ ਉਨ੍ਹਾਂ ਨੂੰ ਇਹ ਮੰਗ ਪੱਤਰ ਦਿੱਤਾ ਸੀ। ਇਹ ਧਾਰਮਿਕ ਅਸਥਾਨ ਖਾਲਸਾ ਪੰਥ ਦੇ ਬਾਨੀ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਜਨਮ ਅਸਥਾਨ ਹੈ। ਦੁਨੀਆਂ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਸ਼ਰਧਾਲੂ ਇੱਥੇ ਮੱਥਾ ਟੇਕਣ ਅਤੇ ਗੁਰੂਘਰ ਦਾ ਆਸ਼ੀਰਵਾਦ ਲੈਣ ਲਈ ਰੋਜਾਨਾ ਆਉਂਦੇ ਹਨ। ਇਸ ਯਾਤਰਾ ਦੌਰਾਨ ਪੰਜਾਬ ਤੋਂ ਬੰਗਾਲ ਲਈ ਅਕਾਲ ਤਖ਼ਤ ਐਕਸਪ੍ਰੈਸ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਬਹੁਤ ਪਸੰਦੀਦਾ ਅਤੇ ਪ੍ਰਸਿੱਧ ਰੇਲਗੱਡੀ ਹੈ ਪਰ ਸਿਰਫ਼ ਦੋ ਦਿਨ ਇਸ ਰੇਲਗੱਡੀ ਦੇ ਚੱਲਣ ਕਾਰਨ ਸੰਗਤਾਂ ਨੂੰ ਇਸ ਵਿਚ ਸਫਰ ਕਰਨ ਲਈ ਟਿਕਟਾਂ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ।

ਇਸੇ ਲਈ ਗੁਰਸੰਗਤਾਂ ਵੱਲੋਂ ਅਕਾਲ ਤਖ਼ਤ ਐਕਸਪ੍ਰੈਸ ਗੱਡੀ ਨੰ. 12317/12318 (ਜੋ ਹਾਵੜਾ ਤੋਂ ਅੰਮ੍ਰਿਤਸਰ ਵਾਇਆ ਪਟਨਾ ਸਾਹਿਬ ਚਲਦੀ ਹੈ) ਨੂੰ ਰੋਜ਼ਾਨਾ ਦੇ ਆਧਾਰ ‘ਤੇ ਚਲਾਉਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਵੱਲੋਂ ਮੁਲਾਕਾਤ ਦੌਰਾਨ ਇੰਨ੍ਹਾਂ ਸਾਰੀਆਂ ਮੰਗਾਂ ਨੂੰ ਰੇਲਵੇ ਮੰਤਰੀ  ਅਸ਼ਵਨੀ ਵੈਸ਼ਨਵ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ।

NO COMMENTS