*ਤੇਲ/ਗੈਸ ਇੰਸਟਾਲੇਸ਼ਨਸ ਦੀ ਸੁਰੱਖਿਆ ਲਈ ਵਿਸ਼ੇਸ਼ ਮੌਕ ਡਰਿੱਲ*

0
4

ਚੰਡੀਗੜ੍ਹ, 2 ਦਸੰਬਰ:(ਸਾਰਾ ਯਹਾਂ/ਬਿਊਰੋ ਨਿਊਜ਼):
ਪੰਜਾਬ ਰਾਜ ਲਈ ਚੌਥੀ ਓਨਸ਼ੋਰ ਸਕਿਊਰਟੀ ਕੋਆਰਡੀਨੇਸ਼ਨ ਕਮੇਟੀ (ਓ.ਐਸ.ਸੀ.ਸੀ.) ਦੀ ਮੀਟਿੰਗ ਵੀਰਵਾਰ ਨੂੰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਸੁਰੱਖਿਆ ਐਸ.ਐਸ. ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਹੋਈ। ਡੀਜੀਪੀ ਪੰਜਾਬ ਗੌਰਵ ਯਾਦਵ ਦੀ ਤਰਫੋਂ ਏਡੀਜੀਪੀ ਸੁਰੱਖਿਆ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ, ਗੇਲ ਦੇ ਕਾਰਜਕਾਰੀ ਸਲਾਹਕਾਰ (ਸੁਰੱਖਿਆ) ਸੌਰਭ ਟੋਲੰਬੀਆ ਅਤੇ ਵੱਖ-ਵੱਖ ਸੰਸਥਾਵਾਂ ਜਿਹਨਾਂ ਵਿੱਚ ਗੇਲ, ਆਈਓਸੀਐਲ, ਐਚਪੀਸੀਐਲ, ਬੀਪੀਸੀਐਲ, ਐਚਐਮਈਐਲ, ਥਿੰਕ ਗੈਸ ਅਤੇ ਟੋਰੈਂਟ ਗੈਸ ਦੇ ਨੁਮਾਇੰਦੇ ਸ਼ਾਮਲ ਸਨ, ਇਸ ਦੇ ਨਾਲ ਹੀ ਸੂਬੇ ਦੀ ਇੰਟੈਲੀਜੈਂਸ ਬਿਊਰੋ, ਬੀਐਸਐਫ, ਫਾਇਰ ਵਿਭਾਗ, ਸੀ.ਆਰ.ਪੀ. ਅਤੇ ਮਾਈਨਿੰਗ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।
ਇਸ ਮੀਟਿੰਗ ਦੌਰਾਨ ਭਾਈਵਾਲਾਂ ਨੇ ਜਾਣਕਾਰੀ ਅਤੇ ਸੁਝਾਵਾਂ ਦੇ ਆਦਾਨ-ਪ੍ਰਦਾਨ ਦੌਰਾਨ, ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸ.ਓ.ਪੀਜ਼), ਸੁਰੱਖਿਆ ਨੂੰ ਵਧਾਉਣ, ਸੀਸੀਟੀਵੀ ਅਤੇ ਡਰੋਨ ਨਿਗਰਾਨੀ ਦੁਆਰਾ ਚੌਕਸੀ ਰੱਖਣ ਬਾਰੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਫੰਡਾਂ ਅਤੇ ਓਆਇਲ ਪੀ.ਐਸ.ਯੂਸ. ਦੇ ਵੱਖ-ਵੱਖ ਪ੍ਰੋਜੈਕਟਾਂ ‘ਤੇ ਇੱਕ ਇੰਟਰਐਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸਦਾ ਉਦੇਸ਼ ਸਬੰਧਤ ਖੇਤਰਾਂ ਵਿੱਚ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਹਨਾਂ ਦੇ ਹੱਲਾਂ ਵਾਸਤੇ ਪ੍ਰਭਾਵਸ਼ਾਲੀ ਤਾਲਮੇਲ ਕਰਨਾ ਸੀ।
ਬਿਹਤਰੀਨ ਤਿਆਰੀਆਂ ਲਈ ਸਬੰਧਤ ਮੁਖੀਆਂ ਨਾਲ ਇਨਪੁਟਸ ਦਾ ਆਦਾਨ-ਪ੍ਰਦਾਨ ਕਰਦਿਆਂ ਡੀ.ਆਈ.ਜੀ./ਬੀ.ਐਸ.ਐਫ. ਸ਼ਸ਼ਾਂਕ ਵੱਲੋਂ ਕਈ ਸੁਝਾਅ ਵੀ ਦਿੱਤੇ ਗਏ।
ਮੀਟਿੰਗ ਵਿੱਚ ਵਿਸਥਾਰਤ ਸੈਸ਼ਨ ਦੌਰਾਨ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਅਤੇ ਆਈਜੀਪੀ ਲਾਅ ਐਂਡ ਆਰਡਰ ਪੀਕੇ ਯਾਦਵ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਨਾਲ ਸਬੰਧਤ ਵਿਸ਼ਿਆਂ ਬਾਰੇ ਵੀ ਚਰਚਾ ਕੀਤੀ ਗਈ।
ਏਡੀਜੀਪੀ ਸੁਰੱਖਿਆ ਐਸਐਸ ਸ੍ਰੀਵਾਸਤਵ ਨੇ ਤੇਲ ਚੋਰੀ ਜਾਂ ਪਾਈਪਲਾਈਨ ਲੀਕੇਜ ਸਬੰਧੀ ਜਾਣਕਾਰੀ ਲਈ ਇੱਕ ਮਜ਼ਬੂਤ ਨੈੱਟਵਰਕ ਹੋਣ ਅਤੇ ਪੀਐਮਪੀ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਜਲੰਧਰ ਰਿਫਾਇਨਰੀਆਂ ਵਿੱਚ ਵਿਸ਼ੇਸ਼ ਮੌਕ ਡਰਿੱਲਾਂ/ਓਪਰੇਸ਼ਨਾਂ ਨੂੰ ਸਰਗਰਮ ਕੀਤਾ ਜਾਵੇ, ਜੋ ਸਬੰਧਤ ਜ਼ਿਲ੍ਹਿਆਂ ਵਿੱਚ ਡੀਪੀਓ ਪੱਧਰ ‘ਤੇ ਤਿਆਰ ਕੀਤੀ ਗਈ ਰਿਪੋਰਟ ਦੁਆਰਾ ਅਪਰਾਧਾਂ ਅਤੇ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਦੀ ਨਿਗਰਾਨੀ ਕਰਨਗੇ। ਇਹ ਵਿਸ਼ੇਸ਼ ਆਪਰੇਸ਼ਨ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਸਮਰਪਿਤ ਹੋਣਗੇ। ਇਸ ਦੇ ਨਾਲ ਹੀ ਤਕਨਾਲੋਜੀ ਦੇ ਵਿਕਾਸ ਮੁਤਾਬਕ ਸੰਭਾਵਿਤ ਯੋਜਨਾਵਾਂ ਨੂੰ ਨਿਯਮਤ ਅਪਡੇਟ ਕਰਨ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਗਈ।
ਗੇਲ ਦੇ ਨੁਮਾਇੰਦਿਆਂ ਵੱਲੋਂ ਦਿੱਤੀ ਗਈ ਪੇਸ਼ਕਾਰੀ ਵਿੱਚ ਸੁਰੱਖਿਆ ਮਾਮਲਿਆਂ ਨਾਲ ਸਬੰਧਤ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਸਹਿਯੋਗ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਪਿਛਲੇ ਦੋ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ।
ਚੇਅਰਮੈਨ ਨੇ ਸਾਰੀਆਂ ਤੇਲ ਅਤੇ ਗੈਸ ਕੰਪਨੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਪੰਜਾਬ ਪੁਲਿਸ ਨਾਲ ਬੇਝਿਜਕ ਸੰਪਰਕ ਕਰਨ ਲਈ ਵੀ ਕਿਹਾ।

NO COMMENTS