ਤਿੰਨ ਲੜਕੀਆਂ ਦੀ ਮਾਂ ਨੇ ਲਾਈ ਮਦਦ ਦੀ ਗੁਹਾਰ

0
273

ਮਾਨਸਾ 23 (  (ਸਾਰਾ ਯਹਾ/ ਬਲਜੀਤ ਪਾਲ): ਮਾਨਸਾ ਦੀ ਰਹਿਣ ਵਾਲੀ ਤਿੰਨ ਲੜਕੀਆਂ ਦੀ ਮਾਂ ਕਵਿਤਾ ਰਾਣੀ ਦੋ ਵਕਤ ਦੀ ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਵਾਰਡ ਨੰਬਰ ਸੱਤ ਚ ਗਲੀ ਨੰਬਰ ਇੱਕ ਵਿੱਚ ਕਿਰਾਏ ਦੇ ਮਕਾਨ ਚ ਰਹਿ ਰਹੀ ਕਵਿਤਾ ਰਾਣੀ ਨੇ ਭਰੇ ਮਨ ਨਾਲ ਦੱਸਿਆ ਕਿ 20 ਸਾਲ ਪਹਿਲਾਂ ਉਸ ਦਾ ਵਿਆਹ ਰਮੇਸ ਕੁਮਾਰ ਪੁੱਤਰ ਨੰਦ ਲਾਲ ਵਾਸੀ ਮਾਨਸਾ ਨਾਲ ਹੋਇਆਂ ਸੀ। ਉਸ ਦਾ ਪਤੀ ਪਹਿਲਾ ਤਾਂ ਠੀਕ ਸੀ ਪਰ ਬਾਅਦ ਚ ਨਸ਼ੇ ਕਰਨ ਦਾ ਆਦੀ ਹੋ ਗਿਆ ਤੇ ਉਹ ਉਸ ਨੂੰ ਬੱਚਿਆਂ ਸਮੇਤ ਕੁੱਟਦਾ ਮਾਰਦਾ ਰਹਿੰਦਾ ਸੀ। ਜਿਸ ਕਰਕੇ ਉਸ ਦੀ ਤੇ ਬੱਚਿਆਂ ਦੀ ਜਿੰਦਗੀ ਨਰਕ ਬਣ ਗਈ ਸੀ। ਬਹੁਤ ਵਾਰ ਰਿਸਤੇਦਾਰਾਂ ਆਦਿ ਨੇ ਸਮਝਾਇਆ ਪਰ ਉਹ ਨਹੀਂ ਸੁਧਰਿਆ। ਅਖੀਰ ਨੂੰ ਅੱਕਕੇ ਉਸ ਨੇ ਰੋਜ਼-ਰੋਜ਼ ਦੀ ਕੁੱਟ-ਮਾਰ ਤੰਗ ਆਕੇ ਕਰੀਬ ਚਾਰ ਸਾਲ ਪਹਿਲਾਂ ਆਪਣੇ ਪਤੀ ਤੋ ਤਲਾਕ ਲੈ ਲਿਆ ਤੇ ਆਪਣੀਆਂ ਬੇਟੀਆਂ ਨਾਲ ਅਲੱਗ ਕਿਰਾਏ ਦੇ ਮਕਾਨ ਚ ਰਹਿਣ ਲੱਗ ਪਈ। ਉਹ ਲੋਕਾਂ ਦੇ ਘਰਾਂ ਚ ਕੰਮ-ਕਾਰ ਕਰਕੇ ਆਪਣੀਆਂ ਲੜਕੀਆਂ ਨੂੰ ਪਾਲ ਰਹੀ ਸੀ। ਪਰ ਕਰੋਨਾ ਦੀ ਭਿਆਨਕ ਬਿਮਾਰੀ ਦੇ ਕਾਰਨ ਕੀਤੀ ਤਾਲਾਬੰਦੀ ਤੇ ਕਰਫਿਊ ਨੇ ਉਸ ਨੂੰ ਦੋ ਵਖਤ ਦੀ ਰੋਟੀ ਤੋ ਵੀ ਵਾਂਝੀ ਕਰ ਦਿੱਤਾ। ਉਸ ਨੇ ਦੱਸਿਆ ਕਿ ਕੋਈ ਵੀ ਕੰਮਕਾਰ ਨਾ ਹੋਣ ਕਰਕੇ ਉਹ ਆਰਥਿਕ ਤੰਗੀ ਨਾਲ ਜੂਝ ਰਹੀ ਹੈ ਅਤੇ ਦਸਵੀਂ ਪਾਸ ਕਰ ਚੁੱਕੀ ਆਪਣੀ ਲੜਕੀ ਕੋਮਲ ਰਾਣੀ ਨੂੰ ਅਗਲੀ ਪੜ੍ਹਾਈ ਕਰਨ ਤੋਂ ਵੀ ਹਟਾ ਲਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਦੂਸਰੀ ਲੜਕੀ ਜੈਸਮੀਨ ਸੱਤਵੀਂ ਕਲਾਸ ਵਿੱਚ ਪੜ੍ਹਦੀ ਹੈ ਜਦਕਿ ਸਭ ਤੋਂ ਛੋਟੀ ਲੜਕੀ ਸੁਖਮਨੀ ਕੌਰ ਛੇਵੀਂ ਕਲਾਸ ਦੀ ਵਿਦਿਆਰਥਣਾ ਹੈ। ਉਸ ਨੇ ਕਿਹਾ ਕਿ ਆਪਣੀਆਂ ਲੜਕੀਆਂ ਨੂੰ ਪੜ੍ਹਾਉਣਾ ਤਾਂ ਦੂਰ ਦੀ ਗੱਲ ਹੈ ਹੁਣ ਹਾਲਾਤ ਇਹ ਹਨ ਕਿ ਉਸ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਹੈ। ਉਸ ਨੇ ਕਿਹਾ ਕਿ ਬੇਸ਼ੱਕ ਸਰਕਾਰ ਕਰੋੜਾਂ ਰੁਪਏ ‘ਲੜਕੀ ਪੜ੍ਹਾਓ ਅਤੇ ਲੜਕੀ ਬਚਾਓ’ ਮਿਸ਼ਨ ਤੇ ਖਰਚ ਕਰ ਰਹੀ ਹੈ ਪਰ ਉਸ ਦੀਆਂ ਤਿੰਨ ਲੜਕੀਆਂ ਸਮੇਤ ਉਹ ਖੁਦ ਅੱਜ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ । ਉਸ ਨੇ ਆਪਣੀਆਂ ਨਮ ਅੱਖਾਂ ਨੂੰ ਸਾਫ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਹਾਲਤ ਬਹੁਤ ਹੀ ਤਰਸਯੋਗ ਹਨ ਕਿ ਉਹ ਆਪਣੇ ਕਿਰਾਏ ਦੇ ਮਕਾਨ ਦਾ ਤਿੰਨ ਮਹੀਨਿਆਂ ਤੋਂ ਕਿਰਾਇਆ ਵੀ ਨਹੀਂ ਭਰ ਸਕੀ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਨੂੰ ਦੋ ਘਰਾਂ ਵਿੱਚ ਕੰਮ ਮਿਲਿਆ ਹੈ ਜਿਸ ਤੋਂ ਉਸ ਨੂੰ ਪੱਚੀ ਸੌ ਰੁਪਿਆ ਮਹੀਨਾ ਆਮਦਨ ਹੋਵੇਗੀ ਪਰ ਉਸ ਦੇ ਮਕਾਨ ਦਾ ਕਿਰਾਇਆ ਦੋ ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਇੱਕ ਸੰਸਥਾਂ ਵਾਲੇ ਇੱਕ ਮਹੀਨੇ ਦਾ ਰਾਸ਼ਨ ਦੇ ਗਏ ਸਨ। ਜਿਸ ਨਾਲ ਉਨ੍ਹਾਂ ਹੁਣ ਤੱਕ ਗੁਜ਼ਾਰਾ ਕੀਤਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਸੂਬਾ ਸਰਕਾਰ ਅਤੇ ਦਾਨਵੀਰ ਸੱਜਣਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਤਾਂ ਕਿ ਉਹ ਆਪਣੀਆਂ ਲੜਕੀਆਂ ਨੂੰ ਪੜ੍ਹਾ ਸਕੇ ਤੇ ਉਨ੍ਹਾਂ ਨੂੰ ਦੋ ਵਕਤ ਦਾ ਖਾਣਾ ਮਿਲ ਸਕੇ।

NO COMMENTS