*ਤਿੰਨ ਪ੍ਰਾਈਵੇਟ ਬੱਸਾਂ ਦੇ ਚਲਾਨ ਕੀਤੇ, ਇੱਕ ਬੱਸ ਜ਼ਬਤ ਕੀਤੀ*

0
32

ਚੰਡੀਗੜ੍ਹ, 20 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ ):
ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਵਿਭਾਗ ਵਿੱਚੋਂ ਭ੍ਰਿਸ਼ਟ ਗਤੀਵਿਧੀਆਂ ਰੋਕਣ ਲਈ ਗਠਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਸਰਕਾਰੀ ਬੱਸਾਂ ‘ਚੋਂ ਡੀਜ਼ਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ ਜਦਕਿ ਇੱਕ ਕੰਡਕਟਰ ਨੂੰ ਸਵਾਰੀਆਂ ਤੋਂ ਪੈਸੈ ਲੈ ਕੇ ਟਿਕਟ ਨਾ ਦੇਣ ਦੇ ਦੋਸ਼ ਹੇਠ ਨੱਪਿਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਪ੍ਰਾਈਵੇਟ ਬੱਸਾਂ ਦੇ ਚਲਾਨ ਕੀਤੇ ਗਏ ਹਨ ਅਤੇ ਇੱਕ ਬੱਸ ਜ਼ਬਤ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਬੀਤੀ ਰਾਤ ਕਰੀਬ 10:15 ਵਜੇ ਸਰਹਿੰਦ ਵਿਖੇ ਛਾਪਾ ਮਾਰ ਕੇ ਪਨਬੱਸ ਡਿਪੂ ਚੰਡੀਗੜ੍ਹ ਦੀ ਬੱਸ ਨੰਬਰ ਪੀ.ਬੀ-65ਏ.ਟੀ 0542 ਵਿੱਚੋਂ ਡੀਜ਼ਲ ਚੋਰੀ ਕਰਦੇ ਡਰਾਈਵਰ ਸੁਖਵੀਰ ਸਿੰਘ ਨੂੰ ਰੰਗੇ-ਹੱਥੀਂ ਫੜਿਆ ਗਿਆ। ਉਸ ਤੋਂ ਬਰਾਮਦ 22 ਲੀਟਰ ਡੀਜ਼ਲ ਨੂੰ ਮੌਕੇ ‘ਤੇ ਕਬਜ਼ੇ ਵਿੱਚ ਲੈ ਲਿਆ ਗਿਆ। ਇਸੇ ਤਰ੍ਹਾਂ ਰਾਜਪੁਰਾ ਵਿਖੇ ਰਾਤ ਕਰੀਬ 1:30 ਵਜੇ ਪਨਬੱਸ ਡਿਪੂ ਅੰਮ੍ਰਿਤਸਰ ਸਾਹਿਬ-2 ਦੀ ਬੱਸ ਨੰਬਰ ਪੀ.ਬੀ-02-ਈ.ਐਚ 3066 ਵਿੱਚੋਂ ਤੇਲ ਚੋਰੀ ਕਰਦੇ ਡਰਾਈਵਰ ਗਗਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਸ ਕੋਲੋਂ ਚੋਰੀ ਦਾ 20 ਲੀਟਰ ਡੀਜ਼ਲ ਬਰਾਮਦ ਹੋਇਆ ਹੈ।
ਇਸ ਤੋਂ ਇਲਾਵਾ ਫ਼ਲਾਇੰਗ ਸਕੁਐਡ ਨੇ ਕੁੱਪ ਵਿਖੇ ਚੈਕਿੰਗ ਦੌਰਾਨ ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10ਜੀ.ਐਕਸ 8526 ਦੇ ਕੰਡਕਟਰ ਕਰਮਜੀਤ ਸਿੰਘ ਨੂੰ ਸਵਾਰੀਆਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਰਿਪੋਰਟ ਕੀਤਾ ਹੈ। ਕੰਡਕਟਰ ਨੇ ਸਵਾਰੀਆਂ ਤੋਂ 180 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟ ਨਹੀਂ ਸੀ ਦਿੱਤੀ।
ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਲੁਧਿਆਣਾ ਬੱਸ ਸਟੈਂਡ ਵਿਖੇ ਚੈਕਿੰਗ ਦੌਰਾਨ ਜ਼ਰੂਰੀ ਦਸਤਾਵੇਜ਼, ਟੈਕਸ ਅਤੇ ਇੰਸ਼ੋਰੈਂਸ ਤੋਂ ਬਿਨਾਂ ਚਲ ਰਹੀਆਂ ਪ੍ਰਾਈਵੇਟ ਬੱਸਾਂ ਦੇ ਚਲਾਨ ਵੀ ਕੀਤੇ ਹਨ। ਇਸ ਮੁਹਿੰਮ ਦੌਰਾਨ ਜੇ.ਆਰ. ਕੋਚ ਦੀ ਬੱਸ ਨੰਬਰ ਪੀ.ਬੀ-10 ਐਚ.ਐਫ. 0345 ਦਾ ਬਿਨਾਂ ਟੈਕਸ, ਇੰਸ਼ੋਰੈਂਸ ਅਤੇ ਪ੍ਰਦੂਸ਼ਣ ਸਰਟੀਫ਼ਿਕੇਟ ਤੋਂ ਚਲਾਉਣ ਲਈ ਚਲਾਨ ਕੀਤਾ ਗਿਆ ਜਦਕਿ ਇਸੇ ਕੰਪਨੀ ਦੀ ਬਿਨਾਂ ਦਸਤਾਵੇਜ਼ਾਂ ਤੋਂ ਚਲਾਈ ਜਾ ਰਹੀ ਦੂਜੀ ਬੱਸ ਨੰਬਰ ਪੀ.ਬੀ-10 ਐਚ.ਐਚ 6034 ਨੂੰ ਜ਼ਬਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮਾਲਵਾ ਹਾਈਵੇਜ਼ ਮੋਗਾ ਦੀ ਬੱਸ ਨੰਬਰ ਪੀ.ਬੀ-29ਐਕਸ 7866 ਨੂੰ ਬਿਨਾਂ ਇੰਸ਼ੋਰੈਂਸ ਅਤੇ ਮਾਲਵਾ ਰੋਡਵੇਜ਼ ਗਿੱਦੜਬਾਹਾ ਦੀ ਬੱਸ ਨੰਬਰ ਪੀ.ਬੀ-04ਏ.ਸੀ- 3066 ਨੂੰ ਬਿਨਾਂ ਪ੍ਰਦੂਸ਼ਣ ਸਰਟੀਫ਼ਿਕੇਟ ਤੋਂ ਚਲਾਉਣ ਲਈ ਚਲਾਨ ਕੀਤਾ ਗਿਆ ਹੈ।
ਫ਼ਲਾਇੰਗ ਸਕੁਐਡ ਨੇ ਅਣਅਧਿਕਾਰਤ ਰੂਟ ‘ਤੇ ਚਲਦੀਆਂ ਛੇ ਬੱਸਾਂ ਨੂੰ ਵੀ ਰਿਪੋਰਟ ਕੀਤਾ ਹੈ। ਫ਼ਲਾਇੰਗ ਸਕੁਐਡ ਵੱਲੋਂ ਉੱਚਾ ਪਿੰਡ ਵਿਖੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 4389, ਗੁਰਦਾਸਪੁਰ ਵਿਖੇ ਚੈਕਿੰਗ ਦੌਰਾਨ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਐਚ 2672 ਤੇ ਜਲੰਧਰ-1 ਡਿਪੂ ਦੀ ਬੱਸ ਨੰਬਰ ਪੀ.ਬੀ-08-ਸੀ.ਐਕਸ 6984, ਫ਼ਗਵਾੜਾ ਵਿਖੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 9438 ਤੇ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02-ਡੀ.ਆਰ 2798 ਅਤੇ ਕਰਤਾਰਪੁਰ ਵਿਖੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-46-ਐਮ 8995 ਨੂੰ ਅਣਅਧਿਕਾਰਤ ਰੂਟ ‘ਤੇ ਚਲਦਾ ਪਾਇਆ ਗਿਆ। ਸਰਹਿੰਦ ਵਿਖੇ ਛਾਪੇਮਾਰੀ ਦੌਰਾਨ ਇੱਕ ਸਕਿਊਰਟੀ ਗਾਰਡ ਡਿਊਟੀ ਤੋਂ ਗ਼ੈਰ-ਹਾਜ਼ਰ ਪਾਇਆ ਗਿਆ ਹੈ।
ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਰਿਪੋਰਟ ਕੀਤੇ ਗਏ ਮੁਲਾਜ਼ਮਾਂ ਵਿਰੁੱਧ ਤੁਰੰਤ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

NO COMMENTS