ਤਾਲਾਬੰਦੀ ਦੌਰਾਨ ਲੋਕਾਂ ਦੀ ਬਾਂਹ ਫੜਨ ਵਿੱਚ ਕੇਂਦਰ ਸਰਕਾਰ ਨਾਕਾਮ: ਰਾਣਾ ਸੋਢੀ

0
12

ਚੰਡੀਗੜ੍ਹ, 28 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ਕੋਵਿਡ-19 ਕਾਰਨ ਲੱਗੇ ਲਾਕਡਾਊਨ ਕਾਰਨ ਲੋਕਾਂ ਦੀ ਆਰਥਿਕ ਤੇ ਸਰੀਰਕ ਦੁਰਗਤ ਦੇ ਮੁੱਦੇ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਅਤੇ ਐਨ.ਆਰ.ਆਈਜ਼. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗ ਕੀਤੀ ਹੈ ਕਿ ਆਮਦਨ ਕਰ ਦੇ ਘੇਰੇ ਤੋਂ ਬਾਹਰ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਛੇ ਮਹੀਨੇ ਲਈ ਜਮ੍ਹਾਂ ਕਰਵਾਏ ਜਾਣ ਤਾਂ ਕਿ ਸਾਰੇ ਪਰਿਵਾਰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਰਿਵਾਰਾਂ ਨੂੰ ਫੌਰੀ 10 ਹਜ਼ਾਰ ਰੁਪਏ ਦੀ ਰਾਸ਼ੀ ਗੁਜ਼ਾਰੇ ਲਈ ਫੌਰੀ ਦਿੱਤੀ ਜਾਵੇ।

ਇੱਥੇ ਆਪਣੇ ਸਰਕਾਰੀ ਨਿਵਾਸ ਤੋਂ ਅੱਜ ਫੇਸਬੁੱਕ ਪੇਜ ਉਤੇ ਲਾਈਵ ਹੋ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਮਹਾਂਮਾਰੀ ਨੂੰ ਰੋਕਣ ਲਈ ਲਾਗੂ ਕੀਤੀ ਤਾਲਾਬੰਦੀ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਬਿਲਕੁੱਲ ਨਾਕਾਮ ਰਹੀ ਹੈ, ਜਦੋਂ ਕਿ ਦੇਸ਼ ਭਰ ਵਿੱਚ ਸਾਰੇ ਵਰਗਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਲੋਕ ਆਰਥਿਕ ਤੌਰ ਉਤੇ ਹੀ ਨਹੀਂ, ਸਗੋਂ ਸਰੀਰਕ ਤੇ ਮਾਨਸਿਕ ਤੌਰ ’ਤੇ ਵੀ ਟੁੱਟ ਚੁੱਕੇ ਹਨ। ਮਹਿੰਗਾਈ ਸਿਖਰ ਉਤੇ ਹੈ, ਆਰਥਿਕ ਹਾਲਾਤ ਡਾਵਾਂਡੋਲ ਹਨ ਅਤੇ ਮਜ਼ਦੂਰ ਸੜਕਾਂ ਉਤੇ ਰੁਲ ਰਹੇ ਹਨ ਪਰ ਕੇਂਦਰ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।

ਪੰਜਾਬ ਸਰਕਾਰ ਵੱਲੋਂ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਅਹਿਦ ਮੁੜ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮੇਂ ਲੱਖਾਂ ਹੀ ਪਰਵਾਸੀ ਮਜ਼ਦੂਰ, ਔਰਤਾਂ ਤੇ ਬੱਚੇ ਆਪਣੇ ਘਰ, ਸ਼ਹਿਰਾਂ ਤੇ ਪਿੰਡਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ, ਸਗੋਂ ਉਨ੍ਹਾਂ ਦਾ ਰੇਲ ਕਿਰਾਇਆ ਵੀ ਮੁਆਫ਼ ਨਹੀਂ ਕੀਤਾ ਜਾ ਰਿਹਾ। ਇਸ ਦੀ ਬਜਾਏ ਪੰਜਾਬ ਸਰਕਾਰ ਉਨ੍ਹਾਂ ਦਾ ਰੇਲ ਕਿਰਾਇਆ ਖ਼ੁਦ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਛੋਟੇ ਪੈਮਾਨੇ ਦੇ ਕਾਰੋਬਾਰੀਆਂ ਜਿਵੇਂ ਕਿ ਰਿਕਸ਼ਾ ਚਾਲਕਾਂ, ਰੇਹੜੀਆਂ ਫੜੀਆਂ ਵਾਲਿਆਂ, ਹਜ਼ਾਮਤ ਦੀਆਂ ਦੁਕਾਨਾਂ ਕਰਨ ਵਾਲਿਆਂ ਅਤੇ ਦਿਹਾੜੀਦਾਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਵੀ ਫੌਰੀ ਵਿੱਤੀ ਸਹਾਇਤਾ ਦੇਣ ਦੀ ਲੋੜ ਹੈ।

ਰਾਣਾ ਸੋਢੀ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮੁੱਦੇ ਵੱਲ ਤੁਰਤ ਕੋਈ ਧਿਆਨ ਨਾ ਦਿੱਤਾ ਤਾਂ ਕਾਂਗਰਸ ਪਾਰਟੀ ਦੇਸ਼ ਵਿਆਪੀ ਅੰਦੋਲਨ ਵਿੱਢੇਗੀ ਅਤੇ ਸਰਕਾਰ ਨੂੰ ਲੋਕਾਂ ਦੀ ਮਦਦ ਕਰਨ ਲਈ ਮਜਬੂਰ ਕਰ ਦੇਵੇਗੀ।

NO COMMENTS