*‘ਤਾਉਤੇ’ ਦੇ ਕਹਿਰ ਮਗਰੋਂ ਹੁਣ ਚੱਕਰਵਾਤੀ ਤੂਫ਼ਾਨ ‘ਯਾਸ’ ਦਾ ਖ਼ਤਰਾ, ਮੌਸਮ ਵਿਭਾਗ ਦੀ ਚੇਤਾਵਨੀ*

0
155

ਨਵੀਂ ਦਿੱਲੀ 18,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਤਾਉਤੇ (Tauktae) ਚੱਕਰਵਾਤ ਤੋਂ ਬਾਅਦ ਦੇਸ਼ ’ਚ ਹੁਣ ਇੱਕ ਹੋਰ ਚੱਕਰਵਾਤੀ ਤੂਫ਼ਾਨ ‘ਯਾਸ’ ਤਬਾਹੀ ਮਚਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ’ਚ ਹਵਾ ਦਾ ਘੱਟ ਦਬਾਅ ਬਣਨ ਦਾ ਖ਼ਦਸ਼ਾ ਹੈ, ਜੋ ਚੱਕਰਵਾਤ ਦਾ ਰੂਪ ਲੈ ਸਕਦਾ ਹੈ।

ਇਸ ਸੂਚਨਾ ਤੋਂ ਬਾਅਦ ਪੱਛਮੀ ਬੰਗਾਲ ਤੇ ਓੜੀਸ਼ਾ ਦੇ ਸੀਨੀਅਰ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਲੋੜੀਂਦੀਆਂ ਤਿਆਰੀਆਂ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।

ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਵਾ ਦਾ ਘੱਟ ਦਬਾਅ ਉੱਤਰੀ ਅੰਡੇਮਾਨ ਸਾਗਰ ਵਿੱਚ ਬਣ ਰਿਹਾ ਹੈ।  22 ਮਈ ਨੂੰ ਇਹ ਦਬਾਅ ਤੇਜ਼ੀ ਨਾਲ ਵਧਣਾ ਸ਼ੁਰੂ ਹੋਵੇਗਾ ਤੇ 26 ਮਈ ਦੀ ਸ਼ਾਮ ਤੱਕ ਜਾਂ ਤਾਂ ਇਹ ਬੰਗਾਲ ਦੀ ਖਾੜੀ ਨਾਲ ਟਕਰਾਏਗਾ ਜਾਂ ਓੜੀਸ਼ਾ ਦੇ ਕੰਢੇ ਨਾਲ। ਜੇ ਇਹ ਚੱਕਰਵਾਤ ਅਸਲ ’ਚ ਬਣਦਾ ਹੈ, ਤਾਂ ਇਸ ਵਰ੍ਹੇ ਬੰਗਾਲ ਦੀ ਖਾੜੀ ਨਾਲ ਟਕਰਾਉਣ ਵਾਲਾ ਇਹ ‘ਯਾਸ’ ਦੂਜਾ ਚੱਕਰਵਾਤੀ ਤੂਫ਼ਾਨ ਹੋਵੇਗਾ।

ਮੌਸਮ ਵਿਗਿਆਨ ਵਿਭਾਗ ਦੇ ਖੇਤਰੀ ਡਾਇਰੈਕਟਰ ਜੀ.ਕੇ. ਦਾਸ ਨੇ ਕਿਹਾ ਕਿ ਇਹ ਉੱਤਰ-ਪੱਛਮ ਵੱਲ ਵਧ ਸਕਦਾ ਹੈ ਤੇ 26 ਮਈ ਦੀ ਸ਼ਾਮ ਤੱਕ ਪੱਛਮੀ ਬੰਗਾਲ ਜਾਂ ਓੜੀਸ਼ਾ ਦੇ ਸਮੁੰਦਰੀ ਕੰਢਿਆਂ ਨਾਲ ਟਕਰਾ ਸਕਦਾ ਹੈ। ਚੱਕਰਵਾਤੀ ਤੂਫ਼ਾਨ ਦੀ ਰਫ਼ਤਾਰ ਵੱਧ ਤੇਜ਼ ਹੋ ਸਕਦੀ ਹੈ।

22 ਮਈ ਨੂੰ ਬਣਨ ਵਾਲਾ ਘੱਟ ਦਬਾਅ ਦਾ ਖੇਤਰ ਅਗਲੇ 72 ਘੰਟਿਆਂ ਅੰਦਰ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਦੇ ਤੱਟੀ ਜ਼ਿਲ੍ਹਿਆਂ ’ਚ 25 ਮਈ ਤੋਂ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਇਸ ਤੋਂ ਬਾਅਦ ਮੀਂਹ ਤੇਜ਼ ਹੋਵੇਗਾ ਤੇ ਦੱਖਣੀ ਬੰਗਾਲ ਦੇ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਹੋ ਸਕਦੀ ਹੈ। ਅੰਡੇਮਾਨ ’ਚ 45 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ, ਜਿਨ੍ਹਾਂ ਦੀ ਰਫ਼ਤਾਰ ਬੰਗਾਲ ਦੀ ਖਾੜੀ ਤੱਕ ਪੁੱਜਣ ਤੱਕ 70 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ

ਤੂਫ਼ਾਨ ਦੇ ਖ਼ਤਰੇ ਨੂੰ ਵੇਖਦਿਆਂ ਮਛੇਰਿਆਂ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ ਹੈ। ਸਾਰੇ ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਤੇ ਕੰਢਿਆਂ ਉੱਤੇ ਹੀ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਨੇ ਅੰਫਾਨ ਤੂਫ਼ਾਨ ਨਾਲ ਭਾਰੀ ਤਬਾਹੀ ਦਾ ਦ੍ਰਿਸ਼ ਵੇਖਿਆ ਸੀ। ਤਦ ਕਈ ਲੋਕਾਂ ਦੀਆਂ ਜਾਨਾਂ ਅਜਾਈਂ ਚਲੀਆਂ ਗਈਆਂ ਸਨ ਤੇ ਕਰੋੜਾਂ ਦਾ ਮਾਲੀ ਨੁਕਸਾਨ ਵੱਖਰਾ ਹੋਇਆ ਸੀ।

NO COMMENTS