ਤਹਿਸੀਲ ਦਫ਼ਤਰ ਦੇ ਅਧਿਕਾਰੀਆਂ, ਕਰਮਚਾਰੀਆਂ, ਪਟਵਾਰੀਆਂ ਅਤੇ ਨੰਬਰਦਾਰਾਂ ਦੇ 100 ਦੇ ਕਰੀਬ ਕੋਰੋਨਾ ਸੈਂਪਲ ਲਏ

0
57

ਮਾਨਸਾ, 14 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਅੰਦਰ ਸੈਂਪਲਿੰਗ ਦੀ ਪ੍ਰਕਿਰਿਆ ਨਿਰਵਿਘਨ ਜਾਰੀ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਕੋਰੋਨਾ ਦੇ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਅੱਜ ਤਹਿਸੀਲ ਦਫ਼ਤਰ ਦੇ ਅਧਿਕਾਰੀਆਂ, ਕਰਮਚਾਰੀਆਂ, ਪਟਵਾਰੀਆਂ ਅਤੇ ਨੰਬਰਦਾਰਾਂ ਦੇ 100 ਦੇ ਕਰੀਬ ਸੈਂਪਲ ਲਏ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਤੱਕ ਇਸ ਕੋਰੋਨਾ ਵਾਇਰਸ ਸਬੰਧੀ ਵੈਕਸੀਨ ਤਿਆਰ ਨਹੀਂ ਹੁੰਦੀ ਉਦੋਂ ਤੱਕ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਰੋਨਾ ਸੈਂਪਲਿੰਗ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਨਾਲ ਕੋਰੋਨਾ ਪਾਜ਼ਿਟਿਵ ਮਰੀਜ਼ ਸਬੰਧੀ ਸਮੇਂ ਸਿਰ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ ਤਾਂ ਜੋ ਇਹ ਬਿਮਾਰੀ ਕਿਸੇ ਹੋਰ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਨਾ ਲੈ ਸਕੇ। ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਸਾਵਧਾਨੀਆਂ ਵਰਤਣ ਅਤੇ ਵੱਧ ਤੋਂ ਵੱਧ ਕੋਰੋਨਾ ਜਾਂਚ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਨੰਬਰਦਾਰ ਯੂਨੀਅਨ ਨਾਲ ਵੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਨੰਬਰਦਾਰ ਲੋਕਾਂ ਨੂੰ ਸੈਂਪਲਿੰਗ ਕਰਨ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਖੁਦ ਅੱਗੇ ਹੋ ਕੇ ਆਪਣੀ ਕੋਰੋਨਾ ਜਾਂਚ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਵਿੱਚ ਸਮਾਜ ਦੀ ਭਲਾਈ ਹਿੱਤ ਆਪਣਾ ਯੋਗਦਾਨ ਪਾਈਏ ਅਤੇ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਈਏ। ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼ਿਖਾ ਭਗਤ, ਤਹਿਸੀਲਦਾਰ ਅਮਰਜੀਤ ਸਿੰਘ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਡਾ. ਵਰੁਣ ਮਿੱਤਲ ਅਤੇ ਪ੍ਰਧਾਨ ਨੰਬਰਦਾਰ ਯੁਨੀਅਨ ਨਾਜ਼ਰ ਸਿੰਘ ਤੋਂ ਇਲਾਵਾ ਹੋਰ ਨੰਬਰਦਾਰ ਵੀ ਮੌਜੂਦ ਸਨ।

NO COMMENTS