ਮਾਨਸਾ 22 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਤਹਿਸੀਲਦਾਰ ਮਾਨਸਾ ਪ੍ਰਵੀਨ ਕੁਮਾਰ ਨੇ ਕਿਹਾ ਹੈ ਕਿ ਜੇਕਰ ਕੋਈ ਨੌਜਵਾਨ ਜਾਤੀ, ਆਮਦਨ, ਰੈਜੀਡੈਂਸਕ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਸਰਟੀਫਿਕੇਟ ਲੈਣ ਤੋਂ ਵਾਂਝਾ ਹੈ ਅਤੇ ਉਸ ਵੱਲੋਂ ਨੌਕਰੀ ਲਈ ਸਰਟੀਫਿਕੇਟ ਅਪਲਾਈ ਕੀਤਾ ਹੋਇਆ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰੇ। ਉਹ ਉਸ ਦੀ ਹਰ ਸੰਭਵ ਮਦਦ ਕਰਨਗੇ ਅਤੇ ਸਰਟੀਫਿਕੇਟ ਛੇਤੀ ਤੋਂ ਛੇਤੀ ਬਣਾਉਣ ਵਿੱਚ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਹਿਸੀਲ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਕੰਮ ਲਈ ਖੱਜਲ-ਖੁਆਰ ਨਹੀਂ ਹੋਣ ਪਵੇਗਾ। ਤਹਿਸੀਲਦਾਰ ਦਫਤਰ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਲੋਕ ਹੁਣ ਵੀ ਕੋਈ ਅਧੂਰਾ ਪਿਆ ਕੰਮ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ। ਫੋਰੀ ਤੌਰ ਤੇ ਇਸ ਤੇ ਗੌਰ ਫਰਮਾਉਣਗੇ। ਉਨ੍ਹਾਂ ਕਿਹਾ ਕਿ ਦਫਤਰ ਅੰਦਰ ਪਾਰਦਰਸ਼ੀ ਅਤੇ ਨਿਯਮਾਂ ਨਾਲ ਸਮੇਂ ਸਿਰ ਕੰਮ ਨੇਪਰੇ ਚਾੜ੍ਹੇ ਜਾ ਰਹੇ ਹਨ ਅਤੇ ਦਫਤਰ ਦੇ ਸਮੇਂ ਦੌਰਾਨ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇੰਤਕਾਲਾਂ ਲਈ ਵਿਸ਼ੇਸ਼ ਤੌਰ ਤੇ ਪਟਵਾਰੀਆਂ ਅਤੇ ਕਾਨੂੰਨੋਗੋਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ। ਫਿਰ ਵੀ ਜੇਕਰ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਤੁਰੰਤ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ। ਉਹ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਤਿਆਰ ਹਨ।