*ਤਰਕਸੀਲ ਸੁਸਾਇਟੀ ਪੰਜਾਬ ਵੱਲੋਂ ਪਾਖੰਡੀ ਬਾਬੇ ਸੂਰਜਪਾਲ ਉਰਫ਼ ਨਰਾਇਣ ਹਰੀ ਨੂੰ ਤੁਰੰਤ ਗਰਿਫਤਾਰ ਕਰਕੇ ਸਖਤ ਸਜਾ ਦੇਣ ਦੀ ਮੰਗ*

0
72

 ਮਾਨਸਾ, 07 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਹਿਮ ਮੀਟਿੰਗ ਅੱਜ ਮਾਨਸਾ ਵਿਖੇ ਹੋਈ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਹਾਥਰਸ ਵਿਖੇ ਇੱਕ ਧਾਰਮਿਕ ਸਤਿਸੰਗ ਦੌਰਾਨ ਮੱਚੀ ਭਗਦੜ ਕਾਰਨ ਮਾਰੇ ਗੲਏ 121 ਭੋਲੇ ਭਾਲੇ ਸਰਧਾਲੂਆਂ ਦੀਆਂ ਦੁੱਖਦਾਈ ਮੌਤਾਂ ਲਈ ਜਿੰਮੇਵਾਰ ਪਾਖੰਡੀ ਬਾਬੇ ਸੂਰਜ ਪਾਲ ਨੂੰ ਸਜਾ ਦੇਣ ਜੋਰਦਾਰ ਮੰਗ ਕੀਤੀ ਗਈ I ਇਸਦੇ ਨਾਲ ਹੀ ਮੋਦੀ ਸਰਕਾਰ ਤੋਂ ਅੰਧ ਵਿਸ਼ਵਾਸ ਫੈਲਾਉਣ ਵਾਲੇ ਅਜਿਹੇ ਡੇਰਿਆਂ ਉਤੇ ਸਖਤ ਰੋਕ ਲਾਉਣ ਲਈ ਮਹਾਂਰਾਸਟਰ ਵਾਂਗ ਪੂਰੇ ਮੁਲਕ ਵਿੱਚ ਕੌਮੀ ਪੱਧਰ ਤੇ ਇਕਸਾਰ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਗਈ।

ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੋਨ ਮੁਖੀ ਮਾ. ਲੱਖਾ ਸਿੰਘ ਸਹਾਰਨਾ, ਡਾ.ਸੁਰਿੰਦਰ ਸਿੰਘ, ਮਾ.ਮਹਿੰਦਰਪਾਲ ਅਤਲਾ, ਸੇਵਾ ਸਿੰਘ ਬੁਢਲਾਡਾ, ਮੀਡੀਆ ਵਿਭਾਗ ਮੁਖੀ ਭੁਪਿੰਦਰ ਸਿੰਘ ਫੌਜੀ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਇੱਕ ਅਪਰਾਧਿਕ ਕੇਸ ਵਿੱਚ ਪੁਲਿਸ ਦੀ ਨੌਕਰੀ ਤੋਂ ਬਰਖਾਸਿਤ ਇਸ ਪਾਖੰਡੀ ਬਾਬੇ ਵੱਲੋਂ ਢਾਈ ਲੱਖ ਲੋਕਾਂ ਦੇ ਗੈਰ ਕਾਨੂੰਨੀ ਇਕੱਠ ਕਰਨ ਅਤੇ ਸੁਰੱਖਿਆ ਕੁਤਾਹੀ ਕਰਨ ਕਾਰਨ 121 ਸਰਧਾਲੂਆਂ ਦੀ ਦੁਖਦਾਈ ਮੌਤ ਦੇ ਬਾਵਜੂਦ ਇਸ ਬਾਬੇ ਦਾ ਨਾਂਅ ਐਫ,ਆਈ,ਆਰ ਵਿੱਚ ਸ਼ਾਮਿਲ ਨਹੀ ਕੀਤਾ ਗਿਆ I ਜਿਸਤੋ ਯੋਗੀ ਸਰਕਾਰ ਦੀ ਇਸ ਪਾਖੰਡੀ ਸਾਧ ਨਾਲ ਮਿਲੀਭੁਗਤ ਸਾਫ ਨਜਰ ਆਉਂਦੀ ਹੈ। ਉਹਨਾਂ ਕਿਹਾ ਕਿ ਇਹ ਪਾਖੰਡੀ ਪਿਛਲੇ ਕਈ ਸਾਲਾਂ ਤੋਂ ਜਦੋਂ ਆਪਣੇ ਹੀ ਡੇਰੇ ਦੇ ਪੰਪ ਦੇ ਸਧਾਰਨ ਪਾਣੀ ਨਾਲ ਕੈਂਸਰ ਦੇ ਰੋਗੀ ਠੀਕ ਕਰਨ ਅਤੇ ਮਰਿਆਂ ਲੋਕਾਂ ਨੂੰ ਜਿਉਂਦਾ ਕਰਨ ਦੇ ਝੂਠੇ ਦਾਅਵੇ ਕਰਕੇ ਲੱਖਾਂ ਸਰਧਾਲੂਆਂ ਨੂੰ ਅੰਧਵਿਸਵਾਸਾਂ ਵਿੱਚ ਫਸਾਕੇ ਵੱਡੇ ਪੱਧਰ ਤੇ ਲੁੱਟਦਾ ਆ ਰਿਹਾ ਸੀ ਤਾਂ ਉਸ ਵਕਤ ਪੁਲਿਸ ਪ੍ਸਾਸਨ, ਮੌਕਾਪ੍ਸਤ ਸਿਆਸੀ ਪਾਰਟੀਆਂ ਅਤੇ ਕਾਰਪੋਰੇਟ ਮੀਡੀਏ ਦਾ ਵੱਡਾ ਹਿੱਸਾ ਆਪਣੇ ਸਵਾਰਥੀ ਹਿੱਤਾਂ ਲਈ ਸਭ ਕੁਛ ਮੂਕ ਦਰਸਕ ਬਣਕੇ ਦੇਖਦਾ ਰਿਹਾ ਪਰ ਹੁਣ ਅਚਾਨਕ ਇੱਕ ਵੱਡੀ ਮਨੁੱਖੀ ਤਰਾਸਦੀ ਵਾਪਰਨ ਤੋਂ ਬਾਅਦ ਉਹੀ ਮੀਡੀਆ, ਸਿਆਸਤਦਾਨ ਤੇ ਪ੍ਸਾਸਨ ਪਿਛਲੇ ਦਿਨਾਂ ਤੋਂ ਇਸ ਪਾਖੰਡੀ ਸਾਧ ਦੇ ਅਪਰਾਧਿਕ ਚਰਿੱਤਰ ਅਤੇ ਉਸ ਵਿਰੁੱਧ ਦਰਜ ਕੇਸਾਂ ਦੇ ਕੱਚੇ ਚਿੱਠੇ ਖੋਲ ਕੇ ਆਪੋ ਆਪਣਾ ਬਚਾਅ ਕਰ ਰਹੇ ਹਨ I ਇਸ ਮੌਕੇ ਕਰਿਸਨ ਮਾਨਬੀਬੜੀਆਂ, ਅਜੈਬ ਸਿੰਘ, ਜਗਸੀਰ ਸਿੰਘ ਢਿਲੋਂ,ਬੂਟਾ ਬੀਰ ਖੁਰਦ, ਦਰਸਨ ਔਜਲਾ,ਹਰਬੰਸ ਸਿੰਘ ਢਿੱਲੋਂ , ਗੁਰਦੀਪ ਲਾਲਿਆਵਾਲੀ ਤੇ ਗੁਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਰਾਇਣ ਹਰੀ ,ਨਿਰਮਲ ਬਾਬਾ, ਰਾਮਪਾਲ,ਕੁਮਾਰ ਸੁਆਮੀ, ਗੁਰਮੀਤ ਰਾਮ ਰਹੀਮ,ਆਸਾ ਰਾਮ ਬਾਪੂ ਅਤੇ ਬਗੇਸਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਵਰਗਿਆਂ ਪਾਖੰਡੀ ਸਾਧਾਂ ਦੇ ਡੇਰੇ ਸਿਆਸੀ ਤੇ ਹਕੂਮਤੀ ਸਰਪ੍ਸਤੀ ਅਤੇ ਕਾਰਪੋਰੇਟ ਪੱਖੀ ਮੀਡੀਏ ਦੀ ਹਿਮਾਇਤ ਨਾਲ ਹੀ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦਾਂ ਉਤੇ ਕਬਜੇ ਕਰਕੇ ਮਹਿਲਨੁਮਾ ਡੇਰੇ ਉਸਾਰਨ ਵਿੱਚ ਸਫਲ ਹੁੰਦੇ ਹਨ ਅਤੇ ਲੱਖਾਂ ਭੋਲੇ ਭਾਲੇ ਅਗਿਆਨੀ ਸਰਧਾਲੂਆਂ ਨੂੰ ਉਹਨਾਂ ਦੀਆਂ ਸਮੱਸਿਆਵਾਂ, ਬਿਮਾਰੀਆਂ ਦਾ ਆਪਣੀ ਅਖੌਤੀ ਦੈਵੀ ਸ਼ਕਤੀ ਨਾਲ ਇਲਾਜ ਕਰਨ ਬਹਾਨੇ ਅਖੌਤੀ ਚਮਤਕਾਰਾਂ, ਅਗਲੇ ਪਿਛਲੇ ਜਨਮ ਦੇ ਅੰਧਵਿਸ਼ਵਾਸਾਂ ਵਿੱਚ ਫਸਾਕੇ ਧਾਰਮਿਕ ਆਸਥਾ ਹੇਠ ਸਰੇਆਮ ਆਰਥਿਕ, ਸਰੀਰਿਕ, ਮਾਨਸਿਕ ਸੋਸਣ ਕਰਦੇ ਹਨ ਜੋ ਕਿ ਮੈਡੀਕਲ ਰਜਿਸਟਰੇਸਨ ਐਕਟ, ਡਰਗਜ ਤੇ ਮੈਜਿਕ ਰੈਮੀਡੀਜ਼ ਇਤਰਾਜਯੋਗ ਇਸਤਿਹਾਰਬਾਜੀ ਕਾਨੂੰਨ 1954 ਦੀ ਸਰਾਸਰ ਉਲੰਘਣਾ ਹੈ I ਪਰ ਪੁਲਿਸ ਅਤੇ ਸਿਹਤ ਪ੍ਸਾਸਨ ਵੱਲੋਂ ਅਜਿਹੇ ਪਾਖੰਡੀਆਂ ਖਿਲਾਫ ਕਦੇ ਕੋਈ ਕਾਨੂੰਨੀ ਕਾਰਵਾਈ ਨਹੀ ਕੀਤੀ ਜਾਂਦੀ।        ਤਰਕਸ਼ੀਲ ਆਗੂਆਂ ਨੇ ਜਿੱਥੇ ਸਾਰੀਆਂ ਸਿਆਸੀ ਧਿਰਾਂ ਨੂੰ ਦੇਸ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਦੀ ਮੰਗ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਪੂਰੇ ਜੋਰ ਨਾਲ ਉਠਾਉਣ ਦੀ ਮੰਗ ਕੀਤੀ ਹੈ, ਓਥੇ ਹੀ ਆਮ ਲੋਕਾਂ ਨੂੰ ਵਿਗਿਆਨਿਕ ਸੋਚ ਰਾਹੀਂ ਸੁਚੇਤ ਹੋਣ ਅਤੇ ਅਜਿਹੇ ਪਾਖੰਡੀ ਬਾਬਿਆਂ ਦੇ ਡੇਰਿਆਂ ਦੇ ਝਾਂਸੇ ਵਿੱਚ ਨਾਂ ਫਸਣ ਦੀ ਅਪੀਲ ਕੀਤੀ I ਇਸ ਸਮੇਂ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਮੈਗਜ਼ੀਨ  ਵੀ ਜਾਰੀ ਕੀਤਾ ਗਿਆ।

NO COMMENTS