ਢੈਪਈ/ਮਾਨਸਾ, 27 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਢੈਪਈ ਵਿਖੇ ਬਣੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਨੂੰ ਲੈ ਕੇ ਸਥਾਨਕ ਲੋਕਾਂ ਨੇ ਵਿਰੋਧ ਜਤਾਇਆ, ਇਨਾਂ ਭੋਲੇ ਲੋਕਾਂ ਨੂੰ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਕਲੀਨਿਕ ’ਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਗੁਮਰਾਹ ਕੀਤਾ ਜਾ ਰਿਹਾ ਸੀ। ਰਾਜ ਸਰਕਾਰ ਦੇ ਇਸ ਚੰਗੇ ਉਪਰਾਲੇ ਪ੍ਰਤੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਮੌਕੇ ’ਤੇ ਵਿਰੋਧ ਕਰ ਰਹੇ ਲੋਕਾਂ ਨੂੰ ਆਮ ਆਦਮੀ ਕਲੀਨਿਕ ’ਤੇ ਮਿਲਣ ਵਾਲੀਆਂ ਆਧੁਨਿਕ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਵਿਰੋਧ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਵਾਇਆ ਗਿਆ ਅਤੇ ਉਥੇ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਮੁਫ਼ਤ ਟੈਸਟਾਂ, ਦਵਾਈਆਂ ਬਾਰੇ ਜਾਣੂ ਕਰਵਾਇਆ ਅਤੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਮਿਲਾਉਣ ਤੋਂ ਬਾਅਦ ਆਮ ਆਦਮੀ ਕਲੀਨਿਕ ਦਾ ਵਿਰੋਧ ਕਰ ਰਹੇ ਲੋਕਾਂ ਨੇ ਖੁਦ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀ ਅਗਵਾਈ ਹੇਠ ਆਪਣੇ ਕਰ ਕਮਲਾਂ ਨਾਲ ਕਲੀਨਿਕ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਢੈਪਈ ਵਿਖੇ ਆਮ ਲੋਕਾਂ ਵੱਲੋ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਤੋਂ ਤੁਰੰਤ ਬਾਅਦ 15 ਲੋਕਾਂ ਦੀ ਓ.ਪੀ.ਡੀ ਹੋਈ। ਡਿਪਟੀ ਕਮਿਸ਼ਨਰ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹੇ ਅੰਦਰ 10 ਆਮ ਆਦਮੀ ਕਲੀਨਿਕ ਚਾਲੂ ਹੋਣ ਨਾਲ ਸਿਹਤ ਸੁਵਿਧਾਵਾਂ ’ਚ ਹੋਰ ਸੁਧਾਰ ਹੋਵੇਗਾ, ਜਿਸਦਾ ਸਥਾਨਕ ਲੋਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸਨ (ਜ) ਹਰਜਿੰਦਰ ਸਿੰਘ ਜੱਸਲ,ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਵੱਖ ਵੱਖ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।