*ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਰੋਸ਼ ਮਾਰਚ ਕਰਕੇ ਕੱਚੇ ਅਧਿਆਪਕਾਂ ਦੇ ਪੱਕੇ ਧਰਨੇ ਵਿੱਚ ਕੀਤੀ ਸ਼ਮੂਲੀਅਤ*

0
16

ਮੋਹਾਲੀ, 4 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)  ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕੱਚੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਪੱਕੇ ਹੋਣ ਲਈ ਮੋਹਾਲੀ ਵਿਖੇ ਲਗਾਏ ਗਏ ਪੱਕੇ ਧਰਨੇ ਵਿੱਚ ਸਮਰਥਨ ਲਈ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਦੇ ਇੱਕ ਵੱਡੇ ਕਾਫਲੇ ਨੇ ਮੁਹਾਲੀ ਵਿਖੇ ਰੋਸ਼ ਮਾਰਚ ਕਰਦੇ ਹੋਏ ਸ਼ਮੂਲੀਅਤ ਕੀਤੀ। ਮਾਰਚ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਮੋਹਾਲੀ ਵਿਖੇ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਸਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪੰਜਾਬ ਵਿੱਚ ਮੋਦੀ ਸਰਕਾਰ ਦੀ ਸਿੱਖਿਆ ਨੀਤੀ 2020 ਨੂੰ ਤੇਜ਼ੀ ਨਾਲ ਲਾਗੂ ਕਰ ਰਹੇ ਹਨ। ਇਸੇ ਨੀਤੀ ਤਹਿਤ ਹੀ ਪੰਜਾਬ ਸਰਕਾਰ ਸਕੂਲਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਬਿਨਾਂ ਚਲਾਉਣ ਦਾ ਪ੍ਰਯੋਗ ਕਰ ਰਹੀ ਹੈ ਅਤੇ ਆਨ ਲਾਈਨ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਅਧਿਆਪਕਾਂ ਦੀ ਭਰਤੀ ਹੀ ਨਾ ਕਰਨੀ ਪਵੇ। ਇਸੇ ਨੀਤੀ ਤਹਿਤ ਹੀ ਪੰਜਾਬ ਸਰਕਾਰ ਨੇ ਪਹਿਲਾਂ 800 ਪ੍ਰਾਇਮਰੀ ਸਕੂਲ ਬੰਦ ਕੀਤੇ ਹਨ ਅਤੇ ਹੁਣ ਮਿਡਲ ਸਕੂਲ ਨੂੰ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਚੋਣਾਂ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਮੁੱਖ ਮੰਤਰੀ ਹੁਣ ਇਨ੍ਹਾਂ ਨਾਲ ਕੀਤੇ ਵਾਅਦੇ ਤੋਂ ਭੱਜ ਚੁੱਕਾ ਹੈ। ਕੱਚੇ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਆਪਣੀਆਂ ਉਮਰਾਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਲਾ ਦਿੱਤੀਆਂ ਹੋਣ ਉਨ੍ਹਾਂ ਨੂੰ ਪੱਕੇ ਕਰਨ ਵਿੱਚ ਸਰਕਾਰ ਬਦਨੀਤੀ ਤੋਂ ਕੰਮ ਲਵੇ ਤਾਂ ਇਨ੍ਹਾਂ ਅਧਿਆਪਕਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ। ਆਗੂਆਂ ਨੇ ਕੱਚੇ ਅਧਿਆਪਕਾਂ ਦੇ ਹੱਕੀ ਸੰਘਰਸ਼ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਇਸ ਸੰਘਰਸ਼ ਨੂੰ ਜਾਇਜ਼ ਐਲਾਨਦਿਆਂ ਇਸਦੀ ਹਰ ਪੱਖੋਂ ਮਦਦ ਐਲਾਨ ਕਰਦਿਆਂ ਮੌਕੇ ਤੇ 31000/- ਰੁਪਏ ਨਗਦ ਰਾਸ਼ੀ ਦਿੱਤੀ ਅਤੇ ਕੱਚੇ ਅਧਿਆਪਕਾਂ ਵੱਲੋਂ 29 ਜੂਨ ਨੂੰ ਜਲ ਤੋਪਾਂ ਦੇ ਮੂੰਹ ਮੋੜਨ ਵਾਲੀ ਅਧਿਆਪਕਾ ਪੁਸ਼ਪਾ ਰਾਣੀ ਨੂੰ ‘ਗਦਰੀ ਗੁਲਾਬ ਕੌਰ’ ਯਾਦਗਾਰੀ ਚਿੰਨ੍ਹ ਅਤੇ ਅਧਿਆਪਕ ਸਤਿੰਦਰ ਸਿੰਘ ਨੂੰ ‘ਸ਼ਹੀਦ ਭਗਤ ਸਿੰਘ’ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ਰਘਵੀਰ ਸਿੰਘ ਭਵਾਨੀਗੜ੍ਹ, ਹਰਜਿੰਦਰ ਸਿੰਘ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਨਛੱਤਰ ਸਿੰਘ, ਪਰਮਿੰਦਰ ਮਾਨਸਾ, ਮਹਿੰਦਰ ਕੌੜਿਆਂਵਾਲੀ, ਪਵਨ ਕੁਮਾਰ ਮੁਕਤਸਰ, ਸੁਖਦੇਵ ਡਾਂਸੀਵਾਲ, ਜਸਵੀਰ ਅਕਾਲਗੜ੍ਹ, ਲਖਵਿੰਦਰ ਸਿੰਘ ਪ੍ਰਿੰਸੀਪਲ, ਕੁਲਵਿੰਦਰ ਜੋਸ਼ਨ, ਨਿਰਭੈ ਸਿੰਘ, ਜਸਵਿੰਦਰ ਔਜਲਾ ਨੇ ਕੱਚੇ ਅਧਿਆਪਕਾਂ ਦੇ ਪੱਕੇ ਹੋਣ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਇਸ ਸੰਘਰਸ਼ ਨੂੰ ਹਰ ਪੱਖੋਂ ਸਮਰਥਨ ਕਰਨ ਦਾ ਐਲਾਨ ਕੀਤਾ।

NO COMMENTS