*ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਫਰੀਦਕੋਟ ਦੀ ਅਦਾਲਤ ‘ਚ ਭੁਗਤੀ ਪੇਸ਼ੀ*

0
49

ਫਰੀਦਕੋਟ  04,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਬੇਅਦਬੀ ਮਾਮਲੇ ਨਾਲ ਸਬੰਧਤ ਤਿੰਨ ਕੇਸਾਂ ਵਿੱਚ ਅੱਜ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੁਣ ਅਗਲੀ ਸੁਣਵਾਈ 16 ਮਈ ਨੂੰ ਹੋਵੇਗੀ। ਉਸ ਦਿਨ ਚਲਾਨ ਦੀ ਕਾਪੀ ਉਸ ਦੇ ਵਕੀਲ ਨੂੰ ਸੌਂਪੀ ਜਾਵੇਗੀ। ਅੱਜ ਇਸ ਮਾਮਲੇ ਦੇ ਬਾਕੀ ਮੁਲਜ਼ਮ ਵੀ ਅਦਾਲਤ ਵਿੱਚ ਹਾਜ਼ਰ ਸਨ। 

ਦੱਸ ਦਈਏ ਕਿ ਰਾਮ ਰਹੀਮ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਹੈ। ਫ਼ਰੀਦਕੋਟ ਅਦਾਲਤ ਨੇ ਉਸ ਨੂੰ ਪੇਸ਼ ਕਰਨ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਪ੍ਰੋਡਕਸ਼ਨ ਵਾਰੰਟ ਦਿੱਤਾ ਸੀ। ਇਸ ਖਿਲਾਫ ਰਾਮ ਰਹੀਮ ਹਾਈਕੋਰਟ ਪਹੁੰਚ ਗਿਆ ਸੀ ਜਿੱਥੇ ਉਸ ਨੂੰ ਰਾਹਤ ਮਿਲ ਗਈ ਸੀ। ਅਦਾਲਤ ਨੇ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ ਕਰਨ ਲਈ ਕਿਹਾ ਸੀ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਰਾਮ ਰਹੀਮ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਬਾਬਾ ਰਾਮ ਰਹੀਮ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਸਰਕਾਰ ਬਦਲਣ ਤੋਂ ਬਾਅਦ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਰਾਮ ਰਹੀਮ ਦਾ ਨਾਂ ਆਇਆ ਸੀ। 

ਪੰਜਾਬ ਪੁਲਿਸ ਨੇ ਇਸ ਸਬੰਧੀ ਅਦਾਲਤ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਐਫਆਈਆਰ ਨੰਬਰ 117 ਵਿੱਚ ਵਿਵਾਦਿਤ ਪੋਸਟਰ ਮਾਮਲੇ ਦੇ ਪਿੱਛੇ ਵੀ ਰਾਮ ਰਹੀਮ ਦਾ ਹੱਥ ਹੈ। ਇਸ ਤੋਂ ਇਲਾਵਾ ਉਹ ਐਫਆਈਆਰ ਨੰਬਰ 128 ਦੇ ਬੇਅਦਬੀ ਮਾਮਲੇ ਵਿੱਚ ਵੀ ਮੁੱਖ ਮੁਲਜ਼ਮ ਹੈ। ਇਸ ਮਾਮਲੇ ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਲੀਆਂ ਵਿੱਚ ਖਿੱਲਰੇ ਮਿਲੇ ਸੀ।

ਦੱਸ ਦਈਏ ਕਿ ਡੇਰਾ ਮੁਖੀ ਨੂੰ ਪੰਚਕੂਲਾ ਅਦਾਲਤ ਨੇ 2017 ਵਿੱਚ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛਤਰਪਤੀ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਵੀ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਰੀਬ 400 ਸਾਧੂਆਂ ਨੂੰ ਨਪੁੰਸ਼ਕ ਬਣਾਉਣ ਤੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਤੇ ਸੁਣਵਾਈ ਚੱਲ ਰਹੀ ਹੈ।

NO COMMENTS