*ਡੇਰਾ ਸਿਰਸਾ ਦੀ ਵੋਟ ਬਦਲੇਗੀ ਮਾਲਵਾ ਦੇ ਸਮੀਕਰਨ? 69 ਸੀਟਾਂ ‘ਤੇ ਸਿੱਧਾ ਅਸਰ, ਅਕਾਲੀ ਦਲ ਨੂੰ ਫਾਇਦਾ*

0
168

 22,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ ਡੇਰਾ ਸਿਰਸਾ ਦੀ ਵੋਟ ਸਿਆਸੀ ਸਮੀਕਰਨ ਬਦਲੇਗੀ। ਡੇਰੇ ਦੀ ਵੋਟ ਨਾਲ ਮਾਲਵਾ ਦੀਆਂ 69 ਸੀਟਾਂ ‘ਤੇ ਸਿੱਧਾ ਅਸਰ ਪਏਗਾ। ਇਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਾਇਦਾ ਹੋਏਗਾ। ਚਰਚਾ ਹੈ ਕਿ ਐਨ ਆਖਰੀ ਮੌਕੇ ਉੱਪਰ ਡੇਰਾ ਸਿਰਸਾ ਨੇ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵੇ ਦੀਆਂ ਕਈ ਸੀਟਾਂ ’ਤੇ ਸਮਰਥਨ ਦਿੱਤਾ ਹੈ। ਸੂਤਰਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਰਾਤੋ-ਰਾਤ ਆਪਣਾ ਫੈਸਲਾ ਬਦਲ ਲਿਆ ਤੇ ਲੰਬੀ, ਸਰਦੂਲਗੜ੍ਹ, ਜ਼ੀਰਾ, ਬਠਿੰਡਾ, ਗਿੱਦੜਬਾਹਾ, ਸੁਨਾਮ ਦੀਆਂ ਸੀਟਾਂ ‘ਤੇ ਡੇਰਾ ਸਮਰਥਕਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਨ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।

ਇਸ ਦੇ ਨਾਲ ਹੀ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਨ੍ਹਾਂ ਸੀਟਾਂ ‘ਤੇ ਡੇਰਾ ਸੱਚਾ ਸੌਦਾ ਨੇ ਸਮਰਥਨ ਦਿੱਤਾ ਹੈ, ਉਨ੍ਹਾਂ ‘ਚ ਲੰਬੀ ਦੀ ਸੀਟ ਵੀ ਸ਼ਾਮਲ ਹੈ। ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ। ਉਧਰ, ਫਿਰੋਜ਼ਪੁਰ ਦਿਹਾਤੀ ਵਿੱਚ ਡੇਰਾ ਪ੍ਰੇਮੀਆਂ ਨੇ ਅਕਾਲੀ ਦਲ ਤੇ ਸ਼ਹਿਰ ਵਿੱਚ ਭਾਜਪਾ, ਪਟਿਆਲਾ ਸ਼ਹਿਰ ਤੇ ਦਿਹਾਤੀ ‘ਚ ਭਾਜਪਾ ਦਾ ਸਮਰਥਨ ਕੀਤਾ। ਉਂਝ ਇਹ ਖੇਡ ਅੰਦਰ ਖਾਤੇ ਹੀ ਖੇਡੀ ਗਈ ਤੇ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਲਵਾ ਪੱਟੀ ਵਿੱਚ 69 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ।

ਦੱਸ ਦਈਏ ਕਿ ਪੰਜਾਬ ਦੀਆਂ 2007, 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਦਖ਼ਲਅੰਦਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਡੇਰੇ ਨੇ 2014 ਦੀਆਂ ਲੋਕ ਸਭਾ ਤੇ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਚੋਣਾਂ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ਤੋਂ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ, ਜਿਸ ਕਾਰਨ ਇਹ ਤਸਵੀਰ ਸਾਫ਼ ਹੋ ਰਹੀ ਸੀ ਕਿ ਡੇਰਾ ਸਮਰਥਕ ਭਾਜਪਾ ਨੂੰ ਵੋਟ ਪਾਉਣਗੇ। ਸ਼ਨੀਵਾਰ ਰਾਤ ਨੂੰ ਇਹ ਸੰਦੇਸ਼ ਵੀ ਭੇਜਿਆ ਗਿਆ ਸੀ ਕਿ ਡੇਰਾ ਪ੍ਰੇਮੀ ਭਾਜਪਾ ਨੂੰ ਵੋਟ ਪਾਉਣਗੇ ਪਰ ਐਤਵਾਰ ਸਵੇਰ ਤੱਕ ਫੈਸਲਾ ਬਦਲ ਦਿੱਤਾ ਗਿਆ ਤੇ ਡੇਰਾ ਪ੍ਰੇਮੀਆਂ ਨੂੰ ਕਈ ਸੀਟਾਂ ‘ਤੇ ਅਕਾਲੀ ਦਲ ਨੂੰ ਵੀ ਸਮਰਥਨ ਦੇਣ ਦੇ ਨਿਰਦੇਸ਼ ਦਿੱਤੇ ਗਏ।

ਉਧਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੀ ਡੇਰਾ ਸੱਚਾ ਸੌਦਾ ਨਾਲ ਸਾਂਝ ਹੈ, ਇਹ ਸਭ ਨੂੰ ਪਤਾ ਹੈ। ਚੋਣਾਂ ‘ਚ ਬਾਦਲ ਦੀ ਸੀਟ ‘ਤੇ ਡੇਰਾ ਪ੍ਰੇਮੀਆਂ ਦੀ ਹਮਾਇਤ ਇਸ ਗੱਲ ਨੂੰ ਸਾਬਤ ਕਰਦੀ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਸਿੱਖ ਕੌਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੈਰੋਕਾਰ ਹੈ। ਡੇਰਾ ਸੱਚਾ ਸੌਦਾ ਅਤੇ ਬਾਦਲ ਪਰਿਵਾਰ ਮਿਲ ਕੇ ਸਿੱਖ ਕੌਮ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ ਹੈ ਕਿ ਅਕਾਲੀ ਦਲ ਤੇ ਭਾਜਪਾ ਦੋਵੇਂ ਹੀ ਡੇਰਾ ਸਿਰਸਾ ਤੋਂ ਸਮਰਥਨ ਲੈ ਰਹੇ ਹਨ। ਪੰਜਾਬ ਦੇ ਲੋਕ ਇਕਜੁੱਟ ਹੋ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਬਕ ਸਿਖਾਉਣਗੇ। ਚੰਨੀ ਨੇ ਤੰਨਜ ਕਰਦਿਆਂ ਕਿਹਾ ਕਿ ਬਾਰਾਤ ਜਿੰਨੀ ਮਰਜ਼ੀ ਵੱਡੀ ਹੋਵੇ ਪਰ ਪਿੰਡ ਦੀ ਗਿਣਤੀ ਨਾਲੋਂ ਘੱਟ ਹੀ ਹੁੰਦੀ ਹੈ। ਧੂਰੀ ਲਈ ਆਮ ਆਦਮੀ ਪਾਰਟੀ ਨੇ ਡੇਰਾ ਸਿਰਸਾ ਤੋਂ ਸਮਰਥਨ ਲਿਆ ਹੈ

NO COMMENTS