*ਡੇਂਗੂ ਅਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਲਾਰਵੇ ਦੀ ਕੀਤੀ ਚੈਕਿੰਗ*

0
22

ਮਾਨਸਾ, 11 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਵਿਭਾਗ ਦੇ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨੀਆਂ ਦੀ ਰੋਕਥਾਮ ਲਈ 10 ਸਤੰਬਰ ਤੋਂ 12 ਸਤੰਬਰ ਤੱਕ ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ ਅਤੇ ਹੋਰ ਵਿਦਿਆਰਥੀ ਹੋਸਟਲਾਂ ਵਿੱਚ ਬਰੀਡਿੰਗ ਚੈਕਿੰਗ ਅਤੇ ਸਪਰੇਅ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ ਦੀ ਅਗਵਾਈ ਹੇਠ ਮਾਨਸਾ ਜ਼ਿਲੇ ਵਿੱਚ ਆਉਂਦੇ ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ ਅਤੇ ਹੋਰ ਵਿਦਿਆਰਥੀ ਹੋਸਟਲਾਂ ਵਿੱਚ ਲਗਾਤਾਰ ਬਰੀਡਿੰਗ ਚੈਕਿੰਗ ਅਤੇ ਸਪਰੇਅ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਡਾ ਰਵਿੰਦਰ ਕੁਮਾਰ ਐਸ. ਐਮ. ਓ. ਸਿਹਤ ਬਲਾਕ ਖਿਆਲਾ ਕਲਾਂ ਦੀ ਦੇਖਰੇਖ ਹੇਠ ਅੱਜ ਖ਼ਾਲਸਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਨੰਗਲ ਕਲਾਂ, ਵਿਦਿਆ ਸਾਗ਼ਰ ਨਰਸਿੰਗ ਕਾਲਜ ਭੀਖੀ ਅਤੇ ਸ਼ਿਵ ਸ਼ਕਤੀ ਨਰਸਿੰਗ ਕਾਲਜ ਭੀਖੀ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਲਾਰਵਾ ਚੈੱਕ ਕੀਤਾ ਗਿਆ, ਸਪਰੇਅ ਕਰਵਾਈ ਗਈ ਅਤੇ ਜਾਗਰੂਕਤਾ ਜਾਣਕਾਰੀ ਦਿੱਤੀ ਗਈ।

      ਨੰਗਲ ਕਲਾਂ ਵਿਖੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਰਾਮ ਕੁਮਾਰ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜ੍ਹੇ ਸਾਫ਼ ਪਾਣੀ ਵਿੱਚ ਪਲਦੇ ਹਨ, ਜਿਵੇਂ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ ਭਾਂਡਿਆਂ, ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਇਸੇ ਦੌਰਾਨ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਵਰਗੀ ਬਿਮਾਰੀ ਦਾ ਖਾਤਮਾ ਸਭਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਅਗਾਊਂ ਸਾਵਧਾਨੀਆਂ ਜਿਵੇਂ ਕੂਲਰਾਂ ਅਤੇ ਗਮਲਿਆਂ ਦੀਆਂ  ਟਰੇਆਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਸਾਫ ਕਰਨਾ, ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਚੰਗੀ ਤਰਾਂ ਬੰਦ ਕਰਕੇ ਰੱਖਣਾਂ, ਟੁੱਟੇ ਹੋਏ ਡਰੱਮਾਂ, ਬਰਤਨਾਂ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖਣਾ ਆਦਿ ਵਰਗੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਸ ਮੌਕੇ ਗੁਰਦੀਪ ਸਿੰਘ ਸਿਹਤ ਸੁਪਰਵਾਈਜ਼ਰ, ਕੰਵਲਜੀਤ ਸਿੰਘ ਸਿਹਤ ਕਰਮਚਾਰੀ, ਖ਼ਾਲਸਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਐਮ. ਡੀ. ਸ੍ਰੀਮਤੀ ਵੀਰਪਾਲ ਕੌਰ, ਬਲਬੀਰ ਸਿੰਘ, ਗਮਦੂਰ ਸਿੰਘ, ਭੁਪਿੰਦਰ ਸਿੰਘ, ਬਰੀਡਿੰਗ ਚੈਕਰ ਹਰਪ੍ਰੀਤ ਸਿੰਘ , ਅਮ੍ਰਿਤ ਸਿੰਘ , ਭਗਵਾਨ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

NO COMMENTS