ਬਰਨਾਲਾ,3 ਮਈ (ਸਾਰਾ ਯਹਾਂ/ਬਿਊਰੋ ਨਿਊਜ਼)
ਸਕੂਲ ਗੇਮਜ਼ ਫੈਡਰਸ਼ਨ ਆਫ ਇੰਡੀਆ ਵੱਲੋਂ ਕਰਵਾਈਆਂ ਗਈਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਨੈਟਬਾਲ ਅੰਡਰ 19 ਸਾਲ (ਲੜਕੇ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਹਨਾਂ ਨੇ ਜੇਤੂ ਖਿਡਾਰੀਆਂ ਅਤੇ ਟੀਮ ਇੰਚਾਰਜ ਡੀ.ਪੀ.ਈ. ਗੁਰਜੀਤ ਸਿੰਘ ਤੇ ਕੋਚ ਲੈਕਚਰਾਰ ਮਨਜੀਤ ਸਿੰਘ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਸਖਤ ਮਿਹਨਤ ਕਰਦੇ ਹੋਏ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਜਿਲ੍ਹਾ ਬਰਨਾਲਾ ਤੇ ਆਪਣੇ ਮਾਤਾ–ਪਿਤਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਿਵਾੜੀ (ਹਰਿਆਣਾ) ਵਿਖੇ ਹੋਈਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਨੈਟਬਾਲ (ਲੜਕੇ) ਅੰਡਰ 19 ਸਾਲ ਮੁਕਾਬਲੇ ਵਿੱਚ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਹੰਡਿਆਇਆ ਦੇ ਤਿੰਨ ਖਿਡਾਰੀਆਂ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਦੇ ਇੱਕ ਖਿਡਾਰੀ ਅਰਸ਼ਦੀਪ ਸਿੰਘ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਹੈ। ਮੌਕੇ ਤੇ ਮੌਜੂਦ ਏ.ਡੀ.ਸੀ. ਜਨਰਲ ਅਨੁਪ੍ਰਿਤਾ ਜੌਹਲ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਇੰਦੂ ਸਿਮਕ ਨੇ ਵੀ ਜੇਤੂ ਖਿਡਾਰੀਆਂ ਤੇ ਟੀਮ ਇੰਚਾਰਜ ਤੇ ਟੀਮ ਕੋਚ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਟੀਮ ਇੰਚਾਰਜ ਗੁਰਜੀਤ ਸਿੰਘ, ਟੀਮ ਕੋਚ ਲੈਕਚਰਾਰ ਮਨਜੀਤ ਸਿੰਘ ਅਤੇ ਜੇਤੂ ਖਿਡਾਰੀ ਮੌਜੂਦ ਸਨ।