*ਡੀ.ਸੀ ਤੇ ਐਸ.ਐਸ.ਪੀ ਵੱਲੋਂ ਸੈਂਪਲਿੰਗ, ਟੀਕਾਕਰਨ, ਘਰੇਲੂ ਇਕਾਂਤਵਾਸ, ਕੰਟੇਨਮੈਂਟ ਜ਼ੋਨਾਂ, ਆਕਸੀਜਨ ਆਦਿ ਬਾਰੇ ਵਿਸਤ੍ਰਿਤ ਮੀਟਿੰਗ*

0
38

ਮਾਨਸਾ, 8 ਮਈ  (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਨਾਗਰਿਕਾਂ ਨੂੰ ਸਿਹਤ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰੋਜ਼ਾਨਾ ਦੀ ਲਾਪਰਵਾਹੀ ਕੀਮਤੀ ਜਾਨਾਂ ਲਈ ਘਾਤਕ ਸਾਬਤ ਹੋ ਰਹੀ ਹੈ ਅਤੇ ਹਾਲੇ ਵੀ ਜਿਹੜੇ ਲੋਕ ਸਿਹਤ ਸਲਾਹਾਂ ਦੀ ਅਣਦੇਖੀ ਕਰਕੇ ਬਿਨਾਂ ਕਿਸੇ ਐਮਰਜੈਂਸੀ ਲੋੜ ਤੋਂ ਬਜ਼ਾਰਾਂ ਵਿੱਚ ਘੁੰਮ ਰਹੇ ਹਨ ਉਹ ‘ਸੁਪਰ ਸਪਰੈਡਰ’ ਬਣ ਕੇ ਹੋਰਨਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਜਿਹੜੇ ਵਿਅਕਤੀ ਰੋਜ਼ਾਨਾ ਵੱਧ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਉਹ ਵਾਇਰਸ ਦੇ ਸੰਕ੍ਰਮਣ ਨੂੰ ਫੈਲਾਉਣ ਵਿੱਚ ‘ਸੁਪਰ ਸਪਰੈਡਰ’ ਸਾਬਤ ਹੋ ਸਕਦੇ ਹਨ ਇਸ ਲਈ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਵਸਤੂਆਂ ਜਿਵੇਂ ਸਬਜ਼ੀਆਂ, ਫ਼ਲ, ਦੁੱਧ, ਰਾਸ਼ਨ ਆਦਿ ਪ੍ਰਾਪਤ ਕਰਨ ਸਮੇਂ ਸਮਾਜਿਕ ਦੂਰੀ ਦੇ ਨਿਯਮ, ਮਾਸਕ, ਹੱਥ ਚੰਗੀ ਤਰ੍ਹਾਂ ਧੋਣ ਆਦਿ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। 
ਬੱਚਤ ਭਵਨ ਵਿਖੇ ਵਧੀਕ ਡਿਪਟੀ ਕਮਿਸ਼ਨਰਾਂ, ਉਪ ਮੰਡਲ ਮੈਜਿਸਟਰੇਟਾਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਬਾਰੇ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਉਨ੍ਹਾਂ ਦੀ ਸਿਹਤ ਦੀ ਸਥਿਤੀ ਦੇ ਮੱਦੇਨਜ਼ਰ ਕੋਵਿਡ ਕੇਅਰ ਸੈਂਟਰ ਭੇਜਣ ਜਾਂ ਘਰੇਲੂ ਇਕਾਂਤਵਾਸ ਵਿੱਚ ਰੱਖਣ, ਪ੍ਰਾਇਮਰੀ ਕੰਟੈਕਟ ਟਰੇਸਿੰਗ, ਰੈਂਡਮ ਸੈਂਪਲਿੰਗ, ਟੀਕਾਕਰਨ, ਐਲ-2 ਵਿੱਚ ਬਿਸਤਰਿਆਂ ਤੇ ਆਕਸੀਜਨ ਦੀ ਉਲਬਧਤਾ, ਕੰਟੇਨਮੈਂਟਾਂ ਜ਼ੋਨਾਂ, ਫ਼ਤਿਹ ਕਿੱਟਾਂ, ਭੋਜਨ ਪੈਕਟਾਂ ਆਦਿ ਦੀ ਸਥਿਤੀ ਦਾ ਵਿਸਤ੍ਰਿਤ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੀ ਰੋਕਥਾਮ ਲਈ ਜ਼ਿਲ੍ਹੇ ਭਰ ਵਿੱਚ ਸਿਹਤ ਪ੍ਰੋਟੋਕਾਲਾਂ ਨੂੰ ਸੌ ਫੀਸਦੀ ਲਾਗੂ ਕਰਨਾ ਸਮੇਂ ਦੀ ਅਹਿਮ ਲੋੜ ਹੈ ਅਤੇ ਜੇ ਨਾਗਰਿਕਾਂ ਵੱਲੋਂ ਹਾਲੇ ਵੀ ਬਣਦਾ ਸਹਿਯੋਗ ਨਾ ਦਿੱਤਾ ਗਿਆ ਤਾਂ ਸਾਨੂੰ ਸਾਰਿਆਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। 
ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ‘ਤੇ ਕਿਸੇ ਵੀ ਨਾਗਰਿਕ ਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਢੁਕਵਾਂ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਸਬ ਡਵੀਜ਼ਨਾਂ ਅੰਦਰ ਡੀ.ਐਸ.ਪੀ ਨਾਲ ਤਾਲਮੇਲ ਰੱਖਦੇ ਹੋਏ ਹੋਰਨਾਂ ਅਧਿਕਾਰੀਆਂ ‘ਤੇ ਆਧਾਰਿਤ ਕਮੇਟੀਆਂ ਬਣਾਈਆਂ ਜਾਣ ਜੋ ਸ਼ਹਿਰਾਂ ਤੇ ਪਿੰਡਾਂ ਵਿੱਚ ਨਾਗਰਿਕਾਂ ਦਾ ਮਨੋਬਲ ਉਚਾ ਚੁੱਕਣਗੀਆਂ ਅਤੇ ਕੋਰੋਨਾ ਦੇ ਟੈਸਟ ਕਰਵਾਉਣ ਲਈ ਹੋਰ ਸਿਹਤ ਸਲਾਹਾਂ ਦੀ ਪਾਲਣਾ ਲਈ ਪ੍ਰੇਰਿਤ ਕਰਨਗੀਆਂ। ਉਨ੍ਹਾਂ ਨੇ ਕਾਰਜਸਾਧਕ ਅਫ਼ਸਰਾਂ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਵੀ ਲੋਕਾਂ ਤੱਕ ਸਿੱਧੀ ਪਹੁੰਚ ਕਾਇਮ ਕਰਨ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਹਰ ਕੋਈ ਸਵੈ ਚੌਕਸ ਹੋ ਸਕੇ। 
ਇਸ ਦੌਰਾਨ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਲੋਕ ਚੇਤਨਾ ਪੈਦਾ ਕਰਨ ਦੀ ਇਸ ਮੁਹਿੰਮ ਵਿੱਚ ਹਰੇਕ ਵਰਗ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਤੇਜ਼ੀ ਨਾਲ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਇਸ ਮਹਾਂਮਾਰੀ ਤੋਂ ਬਚਾਅ ਲਈ ਠੋਸ ਉਪਰਾਲੇ ਹੋ ਸਕਣ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਮਾਨਸਾ ਵਿਖੇ ਜਾਰੀ ਗਾਈਡਲਾਈਨ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। 
ਮੀਟਿੰਗ ਦੌਰਾਨ ਏ.ਡੀ.ਸੀ ਸੁਖਪ੍ਰੀਤ ਸਿੰਘ ਸਿੱਧੂ, ਏ.ਡੀ.ਸੀ ਵਿਕਾਸ ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ ਮਾਨਸਾ ਸ਼ਿਖਾ ਭਗਤ, ਐਸ.ਡੀ.ਐਮ ਸਰਦੂਲਗੜ੍ਹ ਸਰਬਜੀਤ ਕੌਰ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਤਹਿਸੀਲਦਾਰ ਬੁਢਲਾਡਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

NO COMMENTS