ਮਾਨਸਾ 30 ਅਗਸਤ(ਸਾਰਾ ਯਹਾਂ/ਵਿਨਾਇਕ ਸ਼ਰਮਾ):
ਐਸ ਡੀ ਕੇ ਐਲ ਡੀਏਵੀ ਪਬਲਿਕ ਸਕੂਲ ਮਾਨਸਾ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਸਮੂਹ ਅਧਿਆਪਕਾਂ ਵੱਲੋਂ ਇਸ ਤਿਉਹਾਰ ਨੂੰ ਮਨਾਇਆ ਗਿਆ। ” ਨਵੇਂ ਪੌਦੇ ਲਗਾਵਾਂਗੇ, ਹਰ ਦਰੱਖਤ ਬਚਾਵਾਂਗੇ” ਦੀ ਭਾਵਨਾ ਨਾਲ ਇਸ ਮੌਕੇ ‘ਤੇ ਵਾਤਾਵਰਨ ਨੂੰ ਬਚਾਉਣ ਲਈ ਸਾਰਿਆਂ ਨੇ ਪੇੜ-ਪੌਦਿਆਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ, ਕਿਉਂਕਿ ਵਾਤਾਵਰਨ ਵਿੱਚ ਉਹ ਸਾਰੇ ਕੁਦਰਤੀ ਸੰਸਾਧਨ ਸ਼ਾਮਿਲ ਹਨ, ਜੋ ਕਈ ਢੰਗਾਂ ਨਾਲ ਸਾਡੀ ਮਦਦ ਕਰਦੇ ਹਨ। ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਇਸ ਤਿਉਹਾਰ ਨੂੰ ਅਧਿਆਪਕਾਂ ਨਾਲ ਮਨਾਉਂਦੇ ਹੋਏ ਕਿਹਾ ਕਿ ਵਾਤਾਵਰਨ ਦੀ ਮਹੱਤਤਾ ਨੂੰ ਹਰ ਕਿਸੇ ਨੂੰ ਸਮਝਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰ ਵਿਅਕਤੀ ਦੇ ਅੰਦਰ ਪੇੜ-ਪੌਦਿਆਂ ਦਾ ਆਦਰ ਨਹੀਂ ਹੁੰਦਾ ਉਦੋਂ ਤੱਕ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾਵੇਗਾ। ਅੱਜ ਜੋ ਪ੍ਰਦੂਸ਼ਣ ਵੱਧ ਰਿਹਾ ਹੈ ਜੇਕਰ ਸਹੀ ਗਿਣਤੀ ਵਿੱਚ ਪੇੜ-ਪੌਦੇ ਲੱਗਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਇਸਦੇ ਮਾੜੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਧਰਤੀ ਤੇ ਹਰ ਪ੍ਰਕਾਰ ਦਾ ਜੀਵਨ ਦਰੱਖਤਾਂ ਵੱਲੋਂ ਹੀ ਸੰਰਕਸ਼ਿਤ ਹੈ। ਪੇੜ-ਪੌਦਿਆਂ ਅਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਅਤੇ ਪਰਮ ਧਰਮ ਹੈ।