*ਡੀਜੀਪੀ ਗੌਰਵ ਯਾਦਵ ਵੱਲੋਂ ਸਾਰੀਆਂ ਰੇਂਜਾਂ ਦੇ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼, ਸੀਪੀਜ਼/ਐਸਐਸਪੀਜ਼, ਡੀਐਸਪੀਜ਼ ਅਤੇ ਐਸਐਚਓਜ਼ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੇ ਦਫ਼ਤਰਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਉਪਲਬਧ ਰਹਿਣ ਦੇ ਨਿਰਦੇਸ਼*

0
42

ਚੰਡੀਗੜ੍ਹ, 9 ਜੂਨ:(ਸਾਰਾ ਯਹਾਂ/ਬਿਊਰੋ ਨਿਊਜ਼)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚ ਲੋਕ-ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਐਸਪੀ) ਦੇ ਰੈਂਕ ਤੋਂ ਲੈ ਕੇ ਸਟੇਸ਼ਨ ਹਾਉਸ ਅਫਸਰਾਂ (ਐਸ.ਐਚ.ਓਜ਼) ਤੱਕ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਡੀਜੀਪੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ (ਜਿਸ ਦਾ ਨਾਂ ਪਹਿਲਾਂ ਟਵਿੱਟਰ ਸੀ) ‘ਤੇ ਜਾਣਕਾਰੀ ਦਿੱਤੀ ਕਿ ਸਾਰੀਆਂ ਰੇਂਜਾਂ ਦੇ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼, ਪੁਲਿਸ ਕਮਿਸ਼ਨਰਾਂ, ਜ਼ਿਲ੍ਹੇ ਦੇ ਐਸਐਸਪੀਜ਼, ਸਬ ਡਵੀਜ਼ਨਲ ਡੀਐਸਪੀਜ਼ ਅਤੇ ਐਸਐਚਓਜ਼ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸੇਵਾ ਲਈ ਉਪਲਬਧ ਹੋਣਾ ਪੁਲਿਸ ਦਾ ਸਭ ਤੋਂ ਵੱਡਾ ਫਰਜ਼ ਹੈ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ (ਪੀਪੀਐਚਕਿਊ) ਵਿਖੇ, ਸਪੈਸ਼ਲ ਡੀਜੀਪੀ/ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਗਰਿਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਪਲਬਧ ਰਹਿਣ ਵੀ ਦਿਨ ਨਿਰਧਾਰਤ ਕੀਤੇ ਗਏ ਹਨ।

ਜਾਣਕਾਰੀ ਮੁਤਾਬਿਕ ਸਪੈਸ਼ਲ ਡੀਜੀਪੀ ਭਲਾਈ ਈਸ਼ਵਰ ਸਿੰਘ ਸੋਮਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਇਸੇ ਤਰ੍ਹਾਂ, ਏਡੀਜੀਪੀ ਸੁਰੱਖਿਆ ਐਸ.ਐਸ. ਸ੍ਰੀਵਾਸਤਵ ਮੰਗਲਵਾਰ ਨੂੰ, ਏਡੀਜੀਪੀ ਟ੍ਰੈਫਿਕ ਏ.ਐਸ. ਰਾਏ ਬੁੱਧਵਾਰ ਨੂੰ, ਏਡੀਜੀਪੀ ਪ੍ਰੋਵੀਜ਼ਨਿੰਗ ਜੀ ਨਾਗੇਸ਼ਵਰ ਰਾਓ ਵੀਰਵਾਰ ਨੂੰ ਅਤੇ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਸ਼ੁੱਕਰਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ।

‘ਨਾਗਰਿਕਾਂ ਤੱਕ ਪਹੁੰਚ’ ਨੂੰ ਲੋਕ ਕੇਂਦਰਿਤ ਪੁਲਿਸਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦਿਆਂ ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਫੋਨ ‘ਤੇ ਉਪਲਬਧ ਰਹਿਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸ਼ਾਂਤੀਪੂਰਵਕ ਨਾਲ ਸੁਣਨ ਲਈ ਉਨ੍ਹਾਂ ਨਾਲ ਫੋਨ ‘ਤੇ ਗੱਲ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਵੀ ਕਿਹਾ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਯਤਨਸ਼ੀਲ ਰਹੇਗੀ।

NO COMMENTS