*ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਵੱਲੋਂ ਨਰਮੇ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ*

0
14

ਮਾਨਸਾ, 29 ਮਈ: (ਸਾਰਾ ਯਹਾਂ/ਮੁੱਖ ਸੰਪਾਦਕ)
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਸ੍ਰੀ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਰਮੇ ਦੀ ਬਿਜਾਈ ਦਾ ਜਾਇਜਾ ਲੈਣ ਲਈ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ),  ਸ੍ਰੀ ਧਰਮਪਾਲ ਵੱਲੋਂ ਜ਼ਿਲ੍ਹਾ ਮਾਨਸਾ ਵਿਖੇ ਨਰਮੇ ਦੀ ਫਸਲ ਦੀ ਬਿਜਾਈ ਦੀ ਹੁਣ ਤੱਕ ਦੀ ਪ੍ਰਗਤੀ ਵਾਚਣ ਲਈ ਮੀਟਿੰਗ ਕੀਤੀ ਗਈ।
ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਅਲਾਟ ਕੀਤੇ ਪਿੰਡਾਂ ਵਿੱਚ ਰੋਜਾਨਾਂ ਦੌਰਾ ਕਰਕੇ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰੋਜ਼ਾਨਾ ਖੇਤਾਂ ਦਾ ਸਰਵੇਖਣ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਕੀਟ ਦੇ ਹਮਲੇ ਤੋਂ ਨਰਮੇ ਦੀ ਫਸਲ ਨੂੰ ਬਚਾਇਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਨਰਮੇ ਦੀ ਬਿਜਾਈ ਦਾ ਟੀਚਾ ਹਰ ਹਾਲ ਵਿੱਚ ਪੂਰਾ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਪੈਸਟ ਸਰਵੇਖਣ ਟੀਮਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਪੰਜ ਬਲਾਕਾਂ ਦੇ ਸਾਰੇ ਪਿੰਡਾਂ ਦੇ ਖੇਤਾਂ ਦਾ ਹਫਤੇ ਵਿੱਚ ਦੋ ਵਾਰ ਦੌਰਾ ਕੀਤਾ ਜਾਵੇ।
ਮੀਟਿੰਗ ਉਪਰੰਤ ਉਨ੍ਹਾਂ ਪਿੰਡ ਤਲਵੰਡੀ ਅਕਲੀਆ ਅਤੇ ਬਣਾਵਾਲੀ ਵਿੱਚ ਬੈੱਡਾਂ ਉਤੇ ਬੀਜੇ ਨਰਮੇ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਰੌਂ ਤੋਂ ਬਾਅਦ ਅਗੇਤੀ ਬਿਜਾਈ ਵਾਲੇ ਨਰਮੇ ਦੇ ਖੇਤਾਂ ਵਿੱਚ ਫੁੱਲਾਂ ’ਤੇ ਆਏ ਨਰਮੇ ਵਿੱਚ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।
ਖੇਤੀਬਾੜੀ ਅਫ਼ਸਰ ਭੀਖੀ, ਸ੍ਰੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਲਗਭਗ 22516 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਵਿਭਾਗ ਦੀਆਂ ਟੀਮਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਜੇ ਕਿਤੇ ਭੂਰੀ ਜੂੰ ਦਾ ਹਮਲਾ ਦੇਖਣ ਵਿੱਚ ਆਵੇ ਤਾਂ ਉਨ੍ਹਾਂ ਖੇਤਾਂ ਵਿੱਚ ਸਾਮ ਦੇ ਸਮੇ ਪਾਣੀ ਦਾ ਛਿੜਕਾਅ ਕਰਵਾਇਆ ਜਾਵੇ। ਉਨ੍ਹਾਂ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਖੇਤੀ ਖਰਚਿਆਂ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗੇਤੀ ਬੀਜੀ ਗਈ ਨਰਮੇ ਦੀ ਫਸਲ ਨੂੰ ਪਹਿਲਾ ਪਾਣੀ 4 ਤੋਂ 6 ਹਫਤਿਆਂ ਬਾਅਦ ਅਤੇ ਜਿੱਥੇ ਬਿਜਾਈ ਵੱਟਾਂ ’ਤੇ ਕੀਤੀ ਗਈ ਹੋਵੇ ਜਾਂ ਹਲ੍ਹਕੀਆਂ ਜਮੀਨਾਂ ਵਿੱਚ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ।

NO COMMENTS