*ਡਿਪਟੀ ਕਮਿਸ਼ਨਰ ਨੇ ਖਿਡਾਰਣ ਮੰਜੂ ਰਾਣੀ ਦੇ ਪਿਤਾ ਨੂੰ ਸੌਂਪਿਆ 1 ਲੱਖ ਰੁਪਏ ਦਾ ਚੈਕ*

0
56

ਮਾਨਸਾ, 08 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਖਿਡਾਰੀਆਂ ਦੀ ਪ੍ਰਤਿਭਾ ਨੂੰ ਅੱਗੇ ਲਿਆਉਣ, ਉਸਨੂੰ ਨਿਖਾਰਣ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਖਿਡਾਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਣ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਏਸ਼ੀਅਨ ਗੇਮਜ਼ ਦੇ ਅਥਲੈਟਿਕਸ ਪੈਦਲ ਚਾਲ (ਰੇਸ ਵਾਕ) ਮੁਕਾਬਲਿਆਂ ਵਿੱਚ ’ਚ ਕਾਂਸੇ ਦਾ ਤਮਗਾ ਹਾਸਿਲ ਕਰਨ ਵਾਲੀ ਖਿਡਾਰਣ ਮੰਜੂ ਰਾਣੀ ਦੇ ਪਿਤਾ ਜਗਦੀਸ਼ ਰਾਮ ਨੂੰ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸੌਂਪਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਚੈਕ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਮੰਜੂ ਰਾਣੀ ਨੂੰ ਸੀ.ਐਸ.ਆਰ. ਅਧੀਨ ਖੇਡ ਸਕਾਲਰਸ਼ਿਪ ਤਹਿਤ ਪ੍ਰਦਾਨ ਕੀਤਾ ਗਿਆ ਹੈ, ਤਾਂ ਜੋ ਉਹ ਆਪਣੀ ਤਿਆਰੀ ਵਧੀਆ ਢੰਗ ਨਾਲ ਕਰ ਸਕੇ। ਉਨ੍ਹਾਂ ਕਿਹਾ ਕਿ ਮੰਜੂ ਰਾਣੀ ਨੇ ਆਪਣੀ ਮਿਹਨਤ ਸਦਕਾ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਖਹਿਰਾ ਖੁਰਦ ਤੋਂ ਉੱਠ ਕੇ ਦੁਨੀਆ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਂਦਿਆਂ ਇਹ ਸਾਬਿਤ ਕੀਤਾ ਹੈ ਕਿ ਜੇਕਰ ਦ੍ਰਿੜ ਨਿਸ਼ਚਾ ਕਰ ਲਿਆ ਜਾਵੇ, ਤਾਂ ਕੋਈ ਵੀ ਰੁਕਾਵਟ ਤੁਹਾਨੂੰ ਆਪਣੀ ਮੰਜ਼ਿਲ ਸਰ ਕਰਨ ਤੋਂ ਨਹੀਂ ਰੋਕ ਸਕਦੀ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਚੀਫ਼ ਓਪਰੇਟਿੰਗ ਅਫ਼ਸਰ ਸ਼੍ਰੀ ਪੰਕਜ ਸ਼ਰਮਾ ਨੇ ਦੱਸਿਆ ਕਿ ਟੀ.ਐਸ.ਪੀ.ਐਲ. ਵੱਲੋਂ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਹਮੇਸ਼ਾਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਖਿਡਾਰਨ ਮੰਜੂ ਰਾਣੀ ਨੂੰ ਅਗਲੇਰੀਆਂ ਖੇਡਾਂ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਸੁਭ ਇੱਛਾਵਾਂ ਦਿੱਤੀਆਂ।
ਖਿਡਾਰਣ ਮੰਜੂ ਰਾਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਸਮੇਂ ਬੰਗਲੌਰ ਵਿਖੇ ਤਿਆਰੀ ਕਰ ਰਹੇ ਹਨ ਅਤੇ ਇਸ ਉਪਰੰਤ ਉਹ ਊਂਟੀ ਵਿਖੇ ਏਸ਼ੀਅਨ ਚੈਂਪੀਅਨਸ਼ਿਪ 2025 ਲਈ ਤਿਆਰੀ ਕਰਨਗੇ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਕੁਲਵੰਤ ਸਿੰਘ ਜੀ ਦਾ ਵਿਸੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ ਸਮੇਂ ’ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਰਹਿੰਦੇ ਹਨ।
ਇਸ ਮੌਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਸੀ.ਐਚ.ਆਰ.ਓ. ਅਭਿਲਾਸ਼ਾ ਮਾਲਵੀਯਾ, ਡਿਪਟੀ ਹੈਡ ਸੀ.ਐਸ.ਆਰ. ਅਬਦੁਸ ਸੱਤਾਰ ਅਤੇ ਪੀ.ਆਰ. ਸੁਰਜੀਤ ਮੌਜੂਦ ਸਨ।

NO COMMENTS