ਬੁਢਲਾਡਾ 29 ਮਈ(ਸਾਰਾ ਯਹਾਂ/ਅਮਨ ਮਹਿਤਾ)ਕਰੋਨਾ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆਂ ਵਿੱਚ ਆਪਣਾ ਕਹਿਰ ਮਚਾਇਆਂ ਹੋਇਆ ਹੈ ਉੱਥੇ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਤੌਰ ਤਰੀਕਿਆਂ ਨਾਲ ਇਸ ਮਹਾਂਮਾਰੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਪਰ ਕੁਝ ਆਲਸੀ ਕਿਸਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਰਨ ਕੁਝ ਲਾਲਚੀ ਕਿਸਮ ਦੇ ਦੁਕਾਨਦਾਰਾਂ ਵਲੋਂ ਲਾਕਡਾਊਂਨ ਦੀ ਗਾਇਡਲਾਈਨਜ਼ ਦੀਆਂ ਧੱਜੀਆਂ ਉੱਡਾ ਕੇ ਆਪਣੇ-ਆਪਣੇ ਮਨਸੂਬਿਆ ਵਿੱਚ ਕਾਮਯਾਬ ਹੋਣ ਦੀ ਕੋਸਿਸ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਲਾਪਵਾਹੀ ਦੀ ਉਦਾਹਰਨ ਬੁਢਲਾਡਾ ਸ਼ਹਿਰ ਦੇ ਬਜਾਰਾਂ ਵਿੱਚ ਸਰੇਆਮ ਦੇਖਣ ਨੂੰ ਮਿਲ ਰਹੀ ਹੈ। ਜਿਲ੍ਹਾ ਮਾਨਸਾ ਦੇ ਡਿਪਟੀ ਕਮਿਸਨਰ ਵੱਲੋਂ ਗੈਰ ਜਰੂਰੀ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 10 ਵਜੇ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ 2 ਵਜੇ ਦਾ ਹੈ, ਜਦੋਂ ਕਿ ਸਨੀਵਾਰ ਅਤੇ ਐਤਵਾਰ ਨੂੰ ਪੂਰਨ ਤੌਰ ਤੇ ਲਾਕਡਾਊਂਨ ਹੈ। ਪਰ ਕੁਝ ਦੁਕਾਨਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਕੋਈ ਪ੍ਰਵਾਹ ਨਾ ਕਰਦਿਆਂ ਜਦੋਂ ਦਿਲ ਕਰਦਾ ਹੈ ਆਪਣੇ ਹਿਸਾਬ ਨਾਲ ਦੁਕਾਨਾਂ ਖੋਲਦੇ ਹਨ ਅਤੇ ਆਪਣੇ ਹੀ ਹਿਸਾਬ ਨਾਲ ਬੰਦ ਕਰਦੇ ਹਨ। ਇੱਥੇ ਹੀ ਬੱਸ ਨਹੀਂ, ਸ਼ਹਿਰ ਵਿੱਚ ਕਾਫੀ ਗਿਣਤੀ ਵਿੱਚ ਫਰੂਟ ਅਤੇ ਸਬਜੀ ਵਾਲੀਆਂ ਰੇਹੜੀਆਂ ‘ਮੇਨ ਬਜਾਰਾਂ ਅਤੇ ਮੁੱਹਲਿਆਂ ਵਿੱਚ ਕਾਫੀ ਗਿਣਤੀ ਵਿੱਚ ਖੜ੍ਹੇ ਰਹਿੰਦੇ ਹਨ, ਜਿਵੇ ਕਿ ਪੁਲਿਸ ਨਾਲ ਇਨ੍ਹਾਂ ਦੀ ਸਾਂਝ ਹੋਵੇ। ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਇੱਕ-ਦੋ ਮੁਲਾਜਮ ਭੇਜ ਕੇ ਇੱਕ ਵਾਰ ਸ਼ਹਿਰ ਵਿੱਚ ਗੇੜਾ ਜਰੂਰ ਲਗਵਾ ਦਿੱਤਾ ਜਾਂਦਾ ਹੈ। ਪਰ ਦੁਕਾਨਦਾਰਾਂ ਵੱਲੋਂ ਪੁਲਿਸ ਦੀ ਗੱਡੀ ਦਾ ਹੁਟਰ ਵਜਾਉਂਦੀਆਂ ਆਉਂਦੀ ਵੇਖਕੇ ਇੱਕ ਵਾਰ ਸ਼ਟਰ ਡਾਊਨ ਕਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਦੀ ਗੱਡੀ ਜਾਣ ਦੇ ਤੁਰੰਤ ਬਾਅਦ ਸਟਰ ਖੋਲ ਲਿਆ ਜਾਂਦਾ ਹੈ ਅਤੇ ਪ੍ਰਸ਼ਾਸਨ ਵੀ ਆਪਣੀ ਖਾਨਾ-ਪੂਰਤੀ ਕਰਕੇ ਬਾਅਦ ਵਿੱਚ ਗੇੜ੍ਹਾ ਨਹੀਂ ਮਾਰਦਾ। ਦੁਕਾਨਦਾਰਾਂ ਵੱਲੋਂ ਆਪਣੀ ਮਰਜੀ ਅਨੁਸਾਰ ਆਪਣੀਆਂ ਦੁਕਾਨਾਂ ਉੱਪਰ ਇੱਕਠ ਕਰਕੇ ਕਰੋਨਾ ਨਿਯਮਾ ਦੀਆਂ ਧੱਜੀਆਂ ਉੱਡਾਈਆਂ ਜਾਂਦੀਆਂ ਹਨ। ਜਾਗਰੂਕਤਾ ਦੀ ਘਾਟ ਹੋਣ ਕਾਰਨ ਭੋਲੇ-ਭਾਲੇ ਗ੍ਰਾਹਕਾਂ ਵੱਲੋਂ ਦੁਕਾਨਾਂ ਖੋਲਣ ਦਾ ਸਮਾਂ ਘੱਟ ਹੋਣ ਕਰਕੇ ਹਫੜਾ-ਦਫੜੀ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਗਾਈਡਲਾਈਨ ਦੀ ਹੱਦ ਪਾਰ ਕਰਕੇ ਦੁਕਾਨਾਂ ਉੱਪਰ ਵਾਧੂ ਇੱਕਠ ਕੀਤਾ ਜਾਂਦਾ ਹੈ, ਜਿਸ ਨਾਲ ਦੁਕਾਨਾਂ ਵਿੱਚ ਭੀੜ ਆਮ ਦੇਖੀ ਜਾਂਦੀ ਹੈ। ਜਿਸ ਕਰਕੇ ਇਹ ਦੁਕਾਨਦਾਰ ਗ੍ਰਾਹਕਾ ਨੂੰ ਆਪਣੀ ਮਨ ਮਰਜੀ ਦਾ ਰੇਟ ਦੁੱਗਣਾ-ਚੌਗੁਣਾ ਲਗਾਉਂਦੇ ਹਨ ਅਤੇ ਗ੍ਰਾਹਕਾਂ ਦੀ ਲੁੱਟ ਖਸੁੱਟ ਕਰਦੇ ਹਨ। ਤੇਜ਼ੀ ਦੇ ਕਾਰਨ ਗ੍ਰਾਹਕ ਕੋਲ ਵੀ ਥੋੜਾ ਸਮਾਂ ਘੱਟ ਹੋਣ ਕਾਰਨ ਦੁਕਾਨਦਾਰਾਂ ਕੋਲੋ ਮਹਿੰਗੇ ਭਾਅ ਦੀਆਂ ਵਸਤਾਂ ਖਰੀਦਕੇ ਆਪਣੀ ਲੁੱਟ ਕਰਵਾ ਰਹੇ ਹਨ। ਇਸ ਤਰ੍ਹਾਂ ਲਾਲਚੀ ਕਿਸਮ ਦੇ ਦੁਕਾਨਦਾਰਾਂ ਦੀ ਅਣਗਹਿਲੀ ਕਰਕੇ ਦੇਸ ਨੂੰ ਕਿਸੇ ਵੱਡੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਇਨ੍ਹਾਂ ਲਾਪਰਵਾਹੀਆਂ ਕਰਕੇ ਕਰੋਨਾ ਮਹਾਂਮਾਰੀ ਘੱਟਣ ਦੀ ਵਜਾਏ ਆਪਣਾ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ। ਜਦੋਂ ਇਸ ਸਬੰਧੀ ਬੁਢਲਾਡਾ ਸਿਟੀ ਦੇ ਐਸ.ਐਚ.ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਰੋਨਾਂ ਮਹਾਂਮਾਰੀ ਦੀ ਉਲਘਨਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ ਅਤੇ ਵੱਡੀ ਪਧਰ ਤੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।