*ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਦਾ ਅਚਾਨਕ ਨਿਰੀਖਣ*

0
2

ਮਾਨਸਾ, 18 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਮੰਗਲਵਾਰ ਦੇਰ ਸ਼ਾਮ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਦਾ ਅਚਾਨਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿੱਥ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਠੰਡ ਦੇ ਮੌਸਮ ਦੌਰਾਨ ਪਸ਼ੂਆਂ ਦਾ ਖਾਸ ਖਿਆਲ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਪਸ਼ੂਆਂ ਨੂੰ ਰਹਿਣ ਸਹਿਣ ਲਈ ਸੁਖਾਵਾਂ ਮਾਹੌਲ ਦਿੱਤਾ ਜਾਵੇ ਅਤੇ ਪਸ਼ੂਆਂ ਨੂੰ ਪ੍ਰਮਾਣਿਤ ਖ਼ੁਰਾਕ ਹੀ ਦਿੱਤੀ ਜਾਵੇ। ਉਨ੍ਹਾਂ ਗਊਸ਼ਾਲਾ ਅੰਦਰ ਤੂੜੀ, ਗੁੜ ਅਤੇ ਫੀਡ ਦੀ ਉਪਲਬਧਤਾ ਅਤੇ ਗਊਸ਼ਾਲਾ ਵਿਚ ਬਣਾਈ ਜਾ ਰਹੀ ਖਾਦ ਬਾਰੇ ਜਾਣਕਾਰੀ ਲਈ। ਉਨ੍ਹਾਂ ਹਦਾਇਤ ਕੀਤੀ ਕਿ ਗਊਸ਼ਾਲਾ ਅੰਦਰ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।
ਉਨ੍ਹਾਂ ਗਊਸ਼ਾਲਾ ਅੰਦਰ ਸਬਜ਼ੀਆਂ ਦੀ ਬਗੀਚੀ ਦਾ ਦੌਰਾ ਕਰਨ ਮੌਕੇ ਆਰਗੈਨਿਕ ਸਬਜ਼ੀਆਂ ਦੀ ਬਿਜਾਈ ਨੂੰ ਤਰਜੀਹ ਦੇਣ ਲਈ ਕਿਹਾ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀ ਸਿਹਤ ਜਾਂਚ ਅਤੇ ਬਿਮਾਰ ਪਸ਼ੂਆਂ ਦਾ ਸਮੇਂ ਸਿਰ ਇਲਾਜ਼ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਸਮੇਂ ਸਿਰ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਊਸ਼ਾਲਾ ਪ੍ਰਬੰਧਨ ਵਿਚ ਕਿਸੇ ਕਿਸਮ ਦੀ ਸਮੱਸਿਆ ਆਉਣ ’ਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਪਸ਼ੂਆਂ ਦੇ ਰੱਖ ਰਖਾਵ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਲਿਆਉਣ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਵੈਟਰਨਿਟੀ ਅਫ਼ਸਰ ਡਾ. ਬਲਵਿੰਦਰ ਸਿੰਘ, ਵੈਟਰਨਿਟੀ ਅਫ਼ਸਰ ਸ੍ਰੀ ਅਮਨਦੀਪ ਸਿੰਘ ਅਤੇ ਮੈਨੇਜ਼ਰ ਗਊਸ਼ਾਲਾ ਖੋਖਰ ਕਲਾਂ ਸ੍ਰੀ ਜੀਵਨ ਸਿੰਘ ਮੌਜੂਦ ਸਨ।

NO COMMENTS