*ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪਿੰਡਾਂ ਦੇ ਨਿਵਾਸੀਆਂ ਨੂੰ ਸਿਹਤ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ*

0
10

ਮਾਨਸਾ, 16 ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ’ਤੇ ਸਮੂਹ ਬਲਾਕਾਂ ਅਧੀਨ ਆਉਂਦੇ ਪਿੰਡਾਂ ਵਿੱਚ ਇਨ੍ਹੀਂ ਦਿਨੀਂ ਵਿਸ਼ੇਸ਼ ਸੈਂਪÇਲੰਗ ਕੈਂਪ ਲੱਗ ਰਹੇ ਹਨ ਤਾਂ ਜੋ ਕੋਰੋਨਾ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ ਅਤੇ ਨਾਗਰਿਕਾਂ ਵਿੱਚ ਮੁਢਲੇ ਤੌਰ ’ਤੇ ਹੀ ਕੋਰੋਨਾ ਵਾਇਰਸ ਦੀ ਪਛਾਣ ਕਰਕੇ ਤਰਜੀਹੀ ਆਧਾਰ ’ਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। 
ਅੱਜ ਪਿੰਡ ਮੂਸਾ, ਭਾਦਰਾ, ਲਖਮੀਰਵਾਲਾ, ਤਲਵੰਡੀ ਅਕਲੀਆਂ ਤੇ ਰਣਜੀਤਗੜ੍ਹ ਬਾਂਦਰ ਵਿਖੇ ਲੱਗੇ ਕੈਂਪਾਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਇਨ੍ਹਾਂ ਕੈਂਪਾਂ ਦੌਰਾਨ 500 ਤੋਂ ਵੱਧ ਲੋਕਾਂ ਨੇ ਸਵੈ ਇੱਛਾ ਨਾਲ ਸੈਂਪਲ ਦਿੱਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਨੇ ਦੱਸਿਆ ਕਿ ਗਾਗੋਵਾਲ, ਦੋਦੜਾ, ਅੱਕਾਂਵਾਲੀ, ਜੋਈਆਂ, ਮਾਖਾ, ਆਦਮਕੇ ਆਦਿ ਪਿੰਡਾਂ ਦੇ ਲੋਕ ਵੀ ਕੈਂਪਾਂ ਵਿੱਚ ਸੈਂਪਲ ਦੇਣ ਲਈ ਪੁੱਜੇ ਜੋ ਕਿ ਲੋਕਾਂ ਦੀ ਸਿਹਤ ਪ੍ਰਤੀ ਚੇਤਨਤਾ ਦੀ ਪੁਸ਼ਟੀ ਕਰਦਾ ਹੈ। ਸ਼੍ਰੀ ਜੋਸ਼ੀ ਨੇ ਕਿਹਾ ਕਿ ਪਿੰਡਾਂ ਵਿੱਚ ਕੈਂਪਾਂ ਦਾ ਸ਼ਡਿਊਲ ਪਹਿਲਾਂ ਤੋਂ ਜਾਰੀ ਹੈ ਜਿਸ ਤਹਿਤ ਕੱਲ੍ਹ ਮਿਤੀ 17 ਮਈ ਨੂੰ ਬੁਰਜ ਰਾਠੀ, ਰਾਮਨਗਰ ਭੱਠਲ, ਭਖੜਿਆਲ, ਰਾਜਰਾਨਾ ਜਦਕਿ 18 ਮਈ ਨੂੰ ਚੱਕ ਅਲੀਸ਼ੇਰ, ਬੀਰੋਕੇ ਖੁਰਦ, ਨਾਹਰਾਂ ਵਿਖੇ ਕੈਂਪ ਲਗਾਏ ਜਾਣਗੇ। 


ਇਸੇ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਪਿੰਡਾਂ ਵਿੱਚ ਕੋਵਿਡ ਪਾਜੀਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਜਾਨ ਦੀ ਰਾਖੀ ਲਈ ਲਗਾਤਾਰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ

ਅਤੇ ਸਰਕਾਰੀ ਹਸਪਤਾਲਾਂ ਵਿਖੇ ਸਭ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਪਰ ਜੇ ਲੋਕ ਖੁਦ ਵੀ ਸਿਹਤ ਸਲਾਹਾਂ ਦੀ ਪਾਲਣਾ ਕਰਨ ਅਤੇ ਕੋਈ ਵੀ ਲੱਛਣ ਸਾਹਮਣੇ ਆਉਣ ਦੀ ਸੂਰਤ ਵਿੱਚ ਖੁਦ ਟੈਸਟ ਕਰਵਾਉਣ ਲਈ ਸਿਹਤ ਕੇਂਦਰਾਂ ਵਿਖੇ ਪਹੁੰਚ ਕਰਨ ਤਾਂ ਇਸ ਨਾਮੁਰਾਦ ਬਿਮਾਰੀ ਨਾਲ ਹੋਣ ਵਾਲੇ ਮਾਰੂ ਨੁਕਸਾਨਾਂ ਤੋਂ ਬਚਿਆ ਸਕਦਾ ਹੈ। 

NO COMMENTS