ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਰੋਜ਼ਗਾਰ ਮੇਲਿਆਂ ਸਬੰਧੀ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ

0
37

ਮਾਨਸਾ, 4 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮਹਿੰਦਰ ਪਾਲ ਵੱਲੋਂ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਤੰਬਰ ਮਹੀਨੇ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੇ ਸਬੰਧ ਵਿੱਚ ਸਮੀਖਿਆ ਮੀਟਿੰਗ ਕੀਤੀ ਗਈ।  ਡਿਪਟੀ ਕਮਿਸ਼ਨਰ ਨੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਆਉਂਦੇ ਨਿੱਜੀ ਖੇਤਰ ਦੇ ਅਦਾਰਿਆਂ ਤੋਂ ਦਿੱਤੇ ਹੋਏ ਟੀਚਿਆਂ ਅਨੁਸਾਰ ਖਾਲੀ ਅਸਾਮੀਆਂ ਦੇ ਵੇਰਵੇ ਇੱਕਤਰ ਕਰਨ ਤਾਂ ਜੋ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵੱੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਸਵੈ ਰੋਜ਼ਗਾਰ ਨਾਲ ਸਬੰਧਤ ਵੱਖ-ਵੱਖ ਸਕੀਮਾਂ ਦੀ ਸਮੀਖਿਆ ਵੀ ਕੀਤੀ ਅਤੇ ਸਵੈ ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਦਿੱਤੇ ਹੋਏ ਟੀਚੇ ਸਮੇਂ ਸਿਰ ਪ੍ਰਾਪਤ ਕਰਨ ਅਤੇ ਇਨ੍ਹਾਂ ਸਵੈ ਰੋਜ਼ਗਾਰ ਸਕੀਮਾ ਦਾ ਲਾਭ ਪ੍ਰਾਪਤ ਕਰਨ ਲਈ ਚਾਹਵਾਨ ਪ੍ਰਾਰਥੀਆਂ ਦੀ ਪਹਿਚਾਣ ਕਰਨ। ਸਵੈ ਰੋਜ਼ਗਾਰ ਨਾਲ ਸਬੰਧਤ ਕਰਜ਼ਿਆਂ ਆਦਿ ਸਬੰਧੀ ਲੋਨ ਅਪਲਾਈ ਕਰਵਾਉਣ। ਉਨ੍ਹਾਂ ਆਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚੋਂ ਵੱਧ ਤੋਂ ਵੱਧ ਲੋੜਵੰਦ ਬੇਰੋਜ਼ਗਾਰ ਪ੍ਰਾਰਥੀਆਂ ਦੀ ਰਜਿਸ਼ਟ੍ਰੇਸ਼ਨ WWW.PGRKAM.COM ਪੋਰਟਲ ’ਤੇ 28 ਅਗਸਤ ਤੋਂ 15 ਸਤੰਬਰ ਤੱਕ ਕਰਵਾਉਣ ਤਾਂ ਜੋ ਇਹ ਬੇਰੋਜ਼ਗਾਰ ਪ੍ਰਾਰਥੀ ਰੋਜ਼ਗਾਰ ਮੇਲੇ ਵਿੱਚ ਹਿਸਾ ਲੈ ਕੇ ਰੋਜ਼ਗਾਰ ਪ੍ਰਾਪਤ ਕਰ ਸਕਣ।  ਉਨ੍ਹਾਂ ਵੱਲੋਂ ਵੱਖ ਵੱਖ ਨਿਯੋਜਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਰੋਜ਼ਗਾਰ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਉਪਲੱਬਧ ਅਸਾਮੀਆਂ ਦੀ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਨਾਲ ਸਾਂਝੀ ਕਰਨ ਅਤੇ ਇਸ ਤੋ ਇਲਾਵਾ ਪੰਜਾਬ ਸਰਕਾਰ ਦੇ ਪੋਰਟਲ WWW.PGRKAM.COM ’ਤੇ ਵੀ ਰਜਿਸਟਰੇਸ਼ਨ ਕਰਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ਦੇ ਮੋਬਾਇਲ ਨੰ. 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

NO COMMENTS