ਮਾਨਸਾ, 29 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼ੀ੍ਰ ਗੁਰਪਾਲ ਸਿੰਘ ਚਹਿਲ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਹੋਰ ਰਾਜਾਂ ਤੋਂ ਆਉਣ ਦੇ ਰਸਤੇ ਬੋਹਾ ਰੋਡ ਅਤੇ ਰਤੀਆ-ਜਾਖਲ ਰੋਡ, ਤਹਿਸੀਲ ਬੁਢਲਾਡਾ ਅਤੇ ਸਰਸਾ ਰੋਡ ਤਹਿਸੀਲ ਸਰਦੂਲਗੜ੍ਹ ਨੋਟੀਫਾਈਡ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਸਤਿਆਂ ਤੋਂ ਇਲਾਵਾ ਕਿਸੇ ਹੋਰ ਰਸਤੇ ਰਾਹੀਂ ਬਾਹਰਲੇ ਰਾਜ ਤੋਂ ਵਿਅਕਤੀ ਜ਼ਿਲ੍ਹਾ ਮਾਨਸਾ ਵਿੱਚ ਦਾਖਲ ਨਹੀਂ ਹੋ ਸਕਦੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਤੋਂ ਬਾਹਰਲੇ ਰਾਜ ਵਿੱਚੋਂ ਜ਼ਿਲ੍ਹਾ ਮਾਨਸਾ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਮੁਕੰਮਲ ਮੈਡੀਕਲ ਸਕਰੀਨਿੰਗ ਹੋਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਇਸ ਸਬੰਧੀ ਸਿਵਲ ਸਰਜਨ ਟੀਮਾਂ ਗਠਿਤ ਕਰਨਗੇ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਨੋਟੀਫਾਈਡ ਸੜ੍ਹਕਾਂ ‘ਤੇ, ਜ਼ਿਲ੍ਹਾ ਮਾਨਸਾ ਦੀ ਹੱਦ ‘ਤੇ ਪੁਲਿਸ ਵੱਲੋਂ ਨਾਕੇ ਲਗਾਏ ਜਾਣਗੇ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਜਾਣਕਾਰੀ ਇਸ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰ ਕੇ ਨਾਕੇ ਤੇ ਇੰਚਾਰਜ ਪੁਲਿਸ ਅਫ਼ਸਰ ਹਰ ਤਿੰਨ ਘੰਟੇ ਵਿੱਚ ਸਬੰਧਤ ਐਸ.ਡੀ.ਐਮ. ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਸਬੰਧਤ ਐਸ.ਡੀ.ਐਮ. ਵੱਲੋਂ ਇਹ ਸੂਚਨਾ ਡਿਜੀਟਲ ਫਾਰਮੈਟ ਵਿੱਚ ਈ.ਮੇਲ ਰਾਹੀਂ ਇਸ ਦਫ਼ਤਰ ਦੀ ਈ.-ਮੇਲ ਆਈ.ਡੀ. covid19travellingmansa@gmail.com ‘ਤੇ ਭੇਜੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਹੁਕਮ ਵਿੱਚ ਕਿਹਾ ਕਿ ਸਬੰਧਤ ਐਸ.ਡੀ.ਐਮ. ਅਤੇ ਡੀ.ਐਸ.ਪੀ. ਸਰਕਾਰ ਦੇ ਪੱਤਰ ਅਨੁਸਾਰ ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਨਾਲ ਸਬੰਧਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਇਸ ਸਬੰਧੀ ਸਿਵਲ ਸਰਜਨ ਮਾਨਸਾ ਅਤੇ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਸਬੰਧਤ ਡੀ.ਐਸ.ਪੀ. ਦਾ ਪੂਰਨ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜੇ ਰਾਜਾਂ ਤੋਂ ਆਏ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਤੋਂ ਬਾਹਰ ਨਿਰਧਾਰਤ ਜਗ੍ਹਾਂ ‘ਤੇ ਹੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਪੰਚਾਇਤ ਸਕੱਤਰ, ਪਟਵਾਰੀ ਅਤੇ ਮੁੱਖ ਅਫ਼ਸਰ ਥਾਣਾ, ਪਿੰਡ ਦੇ ਸਰਪੰਚ ਅਤੇ ਪੱਤੀ ਦੇ ਨੰਬਰਦਾਰ ਦੇ ਸਹਿਯੋਗ ਨਾਲ ਇਸ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਾਨਸਾ ਵੱਲੋਂ ਇਸ ਕੰਮ ਦੀ ਦੇਖ-ਰੇਖ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਪੰਜਾਬ ਰਾਹੀਂ ਕਿਸੇ ਹੋਰ ਰਾਜ ਵਿੱਚ ਜਾਣ ਵਾਲੇ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਰਾਜ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਲ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ‘ਤੇ ਕੋਈ ਰੋਕ ਨਹੀਂ ਹੋਵੇਗੀ, ਪਰੰਤੂ ਗੱਡੀ ਚਲਾਉਣ ਵਾਲੇ ਡਰਾਇਵਰ ਜਾਂ ਕਲੀਨਰ ਦੀ ਮੁਕੰਮਲ ਡਾਕਟਰੀ ਜਾਂਚ ਕੀਤੀ ਜਾਵੇਗੀ।