ਮਾਨਸਾ,12 ਅਕਤੂਬਰ (ਸਾਰਾ ਯਹਾ / ਬਲਜੀਤ ਸ਼ਰਮਾ) ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ ਦੀ ਰੋਕਥਾਮ ਲਈ ਜਿੱਥੇ ਵਿਸ਼ਵ ਸਿਹਤ ਸੰਗਠਨ, ਕੇਂਦਰ ਸਰਕਾਰਾਂ ਅਤੇ ਰਾਜ ਸਰਕਾਰਾਂ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਉੱਥੇ ਪੰਜਾਬ ਰਾਜ ਦੇ ਮਾਨਸਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਵੱਲੋਂ ‘ਮਿਸ਼ਨ ਫ਼ਤਹਿ’ ਤਹਿਤ ਵਿੱਢੀ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾ ਰਿਹਾ ਹੈ। ਅੱਜ ਇੱਥੇ ਕੁੱਝ ਕਿਲੋਮੀਟਰ ਦੂਰ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਵਿਖੇ ਮਿਸ਼ਨ ਫ਼ਤਹਿ ਅਧੀਨ ਐਸਡੀਐਮ ਸ਼੍ਰੀ ਸਾਗਰ ਸੇਤੀਆ ਦੇ ਆਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼੍ਰੀ ਅਰੁਨ ਕੁਮਾਰ ਗਰਗ ਦੀ ਅਗਵਾਈ ਅਧੀਨ ਕਲੱਸਟਰ ਸਸਸ ਬਰ੍ਹੇ ਅਧੀਨ ਆਉਂਦੇ 8 ਸਕੂਲਾਂ ਦੇ 71 ਅਧਿਆਪਕਾਂ ਅਤੇ ਮਿਡ ਡੇ ਮੀਲ ਕੁੱਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਇਸ ਟੈਸਟ ਵਿੱਚ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਡਾ. ਰਣਜੀਤ ਸਿੰਘ ਰਾਏ ਦੀ ਟੀਮ ਵੱਲੋਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਕਰੋਨਾ ਦੀ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀ ਅਰੁਨ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ ਅਤੇ ਵਹਿਮਾਂ ਭਰਮਾਂ ਵਿੱਚ ਫਸਨਾ ਨਹੀਂ ਚਾਹੀਦਾ। ਸਰਕਾਰ ਦੁਆਰਾ ਦਿੱਤੀਆ ਹਦਾਇਤਾਂ ਮਾਸਕ ਲਗਾਉਣਾ, 2 ਗਜ ਦੀ ਦੂਰੀ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਅਰੁਨ ਕੁਮਾਰ ਗਣਿਤ ਵਿਸ਼ੇ ਦੇ ਇੱਕ ਉੱਚ ਕੋਟੀ ਦੇ ਮਾਹਿਰ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਉੱਚ ਕੋਟਿ ਦੇ ਐਵਾਰਡਾਂ ਨਾਲ ਵੀ ਨਿਵਾਜਿਆ ਗਿਆ ਹੈ। ਇਥੋਂ ਤੱਕ ਕਿ ਇਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਮਾਲਤੀ ਗਿਆਨ ਪੀਠ ਪੁਰਸਕਾਰ ਵੀ ਮਿਲਿਆ ਹੋਇਆ ਹੈ। ਇਸ ਲਾਕ-ਡਾਊਨ ਦੇ ਸਮੇਂ ਦੌਰਾਨ ਇਹਨਾਂ ਨੇ ਸੈਂਕੜੇ ਹੀ ਗਣਿਤ ਦੀਆਂ ਯੂ-ਟਿਊਬ ਵੀਡੀਓ ਬਣਾ ਕੇ ਘਰ ਬੈਠੇ ਬੱਚਿਆਂ ਦੇ ਸਪੁਰਦ ਕਰਕੇ ਆਨ ਲਾਈਨ ਸਿੱਖਿਆ ਮੁਹਿੰਮ ਨੂੰ ਇੱਕ ਵੱਡਾ ਹੁਲਾਰਾ ਦਿੱਤਾ ਹੈ। ਜ਼ਿਲ੍ਹੇ ਦੇ ਡਿਪਟੀ ਮੈਡੀਕਲ ਕਮਿਸ਼ਨਰ ਤੇ ਜ਼ਿਲ੍ਹਾ ਇੰਚਾਰਜ਼ ਡਾ. ਰਣਜੀਤ ਸਿੰਘ ਰਾਏ ਜੋ ਕਿ ਕਰੋਨਾਂ ਦੀ ਇਸ ਔਖੀ ਘੜੀ ਵਿੱਚ ਦਿਨ ਰਾਤ ਇੱਕ ਕਰਕੇ ਜ਼ਿਲ੍ਹੇ ਨੂੰ ਕਰੋਨਾ ਮੁਕਤ ਕਰ ਰਹੇ ਹਨ, ਜਿੰਨ੍ਹਾਂ ਨੂੰ ਸਮੇਂ-ਸਮੇਂ ਤੇ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਵੀ ਮਿਲੇ ਹਨ, ਦੀ ਅਗਵਾਈ ਹੇਠ ਅੱਜ ਸਿਹਤ ਸੁਪਰਵਾਈਜ਼ਰ ਭੁਪਿੰਦਰ ਸਿੰਘ ਨੇ ਕਲੱਸਟਰ ਮੱਲ ਸਿੰਘ ਵਾਲਾ ਦੇ ਹੈੱਡਮਾਸਟਰ ਮਨਦੀਪ ਸਿੰਘ, ਕਲੱਸਟਰ ਮੰਢਾਲੀ ਦੇ ਹੈੱਡਮਾਸਟਰ ਹਰਪ੍ਰੀਤ ਸਿੰਘ, ਟਾਹਲੀਆਂ ਦੇ ਹੈੱਡਮਾਸਟਰ ਪ੍ਰਦੀਪ ਸਿੰਘ, ਪਿਪਲੀਆਂ ਦੇ ਇੰਚਾਰਜ਼ ਗੁਰਦੀਪ ਸਿੰਘ, ਆਲਮਪੁਰ ਮੰਦਰਾਂ ਦੇ ਇੰਚਾਰਜ਼ ਨਿਰਮਲ ਕੌਰ ਤੋਂ ਇਲਾਵਾ ਕਲੱਸਟਰ ਫੁੱਲੂਵਾਲਾ ਡੋਗਰਾ, ਕਾਸਮਪੁਰ ਛੀਨਾ ਅਤੇ ਬਰ੍ਹੇ ਦੇ ਪੂਰੇ ਸਟਾਫ ਨੇ ਆਪਣੇ ਕਰੋਨਾ ਸੈਂਪਲ ਦਿੱਤੇ। ਉੱਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ਸਿੰਘ ਤੂਰ, ਡਿਪਟੀ ਡੀਈਓ ਜਗਰੂਪ ਸਿੰਘ ਭਾਰਤੀ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਸਿਹਤ ਵਿਭਾਗ ਤੇ ਸਕੂਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜੋ ਕਰੋਨਾ ਵਿਰੁੱਧ ਪਿਛਲੇ ਕਈ ਮਹੀਨਿਆਂ ਤੋ ਲਗਾਤਾਰ ਤਕੜੇ ਹੋ ਇਸ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਹਨ।