*ਡਿਪਟੀ ਕਮਿਸ਼ਨਰ ਬਣ ਕੇ ਵੀ ਕਿਸਾਨ ਦਾ ਪੁੱਤ ਕਿਸਾਨ, ਸੰਗਰੂਰ ਦੇ ਡੀਸੀ ਨੌਕਰੀ ਨਾਲ ਕਰ ਰਹੇ ਹੱਥੀਂ ਖੇਤੀ*

0
159

ਸੰਗਰੂਰ 13 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਡਿਪਟੀ ਕਮਿਸ਼ਨਰ ਬਣ ਕੇ ਵੀ ਕਿਸਾਨ ਦਾ ਪੁੱਤ ਕਿਸਾਨ ਹੀ ਰਹੇਗਾ। ਇਸ ਦੀ ਮਿਸਾਲ ਸੰਗਰੂਰ ਵਿੱਚ ਵੇਖਣ ਨੂੰ ਮਿਲੀ। ਸੰਗਰੂਰ ਦੇ ਡਿਪਟੀ ਕਮਿਸ਼ਨਰ ਆਪਣੇ ਖੇਤਾਂ ’ਚ ਬੀਜੀ ਗਈ ਕਣਕ ਦੀ ਫਸਲ ਖੁਦ ਵੱਢਦੇ ਨਜ਼ਰ ਆਏ। ਡਿਪਟੀ ਕਮਿਸ਼ਨਰ ਰਾਮਵੀਰ ਦਿਨ ’ਚ ਆਪਣੇ ਦਫ਼ਤਰ ’ਚ ਡਿਊਟੀ ਕਰਦੇ ਹਨ। ਇਸ ਤੋਂ ਬਾਅਦ ਉਹ ਆਪਣੇ ਖੇਤਾਂ ’ਚ ਬੀਜੀ ਗਈ ਕਣਕ ਦੀ ਕਟਾਈ ਕਰ ਰਹੇ ਹਨ।

ਦਰਅਸਲ, ਕਿਸਾਨਾਂ ਦਾ ਇੱਕ ਵਫ਼ਦ ਬੀਤੇ ਐਤਵਾਰ ਨੂੰ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਉਨ੍ਹਾਂ ਦੀ ਸਥਾਨਕ ਰਿਹਾਇਸ਼ ‘ਤੇ ਮਿਲਣ ਗਿਆ। ਜਦੋਂ ਕਿਸਾਨਾਂ ਨੇ ਗੰਨਮੈਨ ਨੂੰ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ ਤਾਂ ਗੰਨਮੈਨ ਨੇ ਕਿਹਾ, “ਉਹ ਕਣਕ ਦੀ ਕਟਾਈ ’ਚ ਰੁੱਝੇ ਹੋਏ ਹਨ ਤੇ ਤੁਹਾਨੂੰ ਤਿੰਨ ਘੰਟੇ ਬਾਅਦ ਮਿਲਣਗੇ।”

ਪਹਿਲਾਂ ਕਿਸਾਨਾਂ ਨੂੰ ਲੱਗਿਆ ਕਿ ਉਹ ਝੂਠ ਬੋਲ ਰਿਹਾ ਹੈ ਪਰ ਜਦੋਂ ਕਾਫੀ ਜ਼ੋਰ ਪਾਇਆ ਤਾਂ ਗੰਨਮੈਨ ਨੇ ਉਨ੍ਹਾਂ ਨੂੰ ਡੀਸੀ ਦੀ ਰਿਹਾਇਸ਼ ’ਚ ਦਾਖਲ ਹੋਣ ਦਿੱਤਾ ਤੇ ਉਨ੍ਹਾਂ ਨੇ ਦੋ ਏਕੜ ’ਚ ਬੀਜੀ ਕਣਕ ਦੀ ਫਸਲ ਦੀ ਵਾਢੀ ਕਰਦਿਆਂ ਡੀਸੀ ਰਾਮਵੀਰ ਨੂੰ ਵੇਖਿਆ। ਕਿਸਾਨਾਂ ਲਈ ਇਹ ਵੇਖਣਾ ਕਾਫੀ ਹੈਰਾਨੀਜਨਕ ਸੀ ਕਿ ਡਿਪਟੀ ਕਮਿਸ਼ਨਰ ਦੇ ਹੱਥਾਂ ’ਚ ਕਲਮ ਦੀ ਬਜਾਏ ਦਾਤਰੀ ਸੀ ਤੇ ਉਹ ਖੇਤ ’ਚ ਕੰਮ ਕਰ ਰਹੇ ਸਨ।

ਇਸ ਦੌਰਾਨ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ, “ਮੈਂ ਬਚਪਨ ਤੋਂ ਹੀ ਖੇਤੀ ਨਾਲ ਜੁੜਿਆ ਰਿਹਾ ਹਾਂ। ਮੈਂ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ। ਮੈਂ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਆਪਣੀ ਪੋਸਟਿੰਗ ਦੌਰਾਨ ਲਗਪਗ ਸਾਰੀਆਂ ਥਾਵਾਂ ‘ਤੇ ਮੈਂ ਗਾਵਾਂ ਰੱਖੀਆਂ ਤੇ ਖੇਤੀ ਕੀਤੀ ਹੈ।”

ਜਿਕਰਯੋਗ ਹੈ ਕਿ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਵਾਸੀ ਰਾਮਵੀਰ ਨੇ ਜੇਐਨਯੂ ਦਿੱਲੀ ਤੋਂ ਰਾਜਨੀਤੀ ਸ਼ਾਸਤਰ ’ਚ ਗ੍ਰੈਜੂਏਸ਼ਨ ਕੀਤੀ ਸੀ। ਉਨ੍ਹਾਂ ਨੇ ਐਮ.ਫਿਲ ਸਕਿਊਰਿਟੀ ਰਿਲੇਸ਼ਨ ’ਚ ਕੀਤੀ। ਉਹ 2009 ਬੈਚ ਦੇ ਆਈਏਐਸ ਅਧਿਕਾਰੀ ਹਨ ਤੇ ਆਈਏਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ ਆਈਆਰਐਸ ਅਧਿਕਾਰੀ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ।

ਰਾਮਵੀਰ ਨੇ ਕਿਹਾ, “ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਬਜਾਏ ਤੁਹਾਨੂੰ ਬਗੈਰ ਕਿਸੇ ਝਿਜਕ ਆਪਣੇ ਰੋਜ਼ਾਨਾ ਘਰੇਲੂ ਕੰਮਾਂ ’ਚ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਤੇ ਇਸ ਖੇਤਰ ਤੇ ਇਸ ਨਾਲ ਜੁੜੇ ਕਾਰੋਬਾਰ ’ਚ ਬਹੁਤ ਕੁਝ ਲੱਭਿਆ ਜਾ ਸਕਦਾ ਹੈ। ਇਹ ਸੂਬੇ ਦੇ ਅਰਥਚਾਰੇ ਨੂੰ ਹੁਲਾਰਾ ਦੇਣ ’ਚ ਵੀ ਮਦਦ ਕਰੇਗਾ।”

NO COMMENTS