*ਡਿਪਟੀ ਕਮਿਸ਼ਨਰ ਨੇ ਸੰਭਾਵੀ ਬਾਰਿਸ਼ ਦੇ ਮੱਦੇਨਜ਼ਰ ਮੰਡੀਆਂ ਅੰਦਰ ਲਿਫਟਿੰਗ ਅਤੇ ਤਰਪਾਲਾਂ ਦੀ ਸਥਿਤੀ ਦਾ ਲਿਆ ਜਾਇਜ਼ਾ*

0
15

 ਮਾਨਸਾ, 29 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ) : ਅਨਾਜ ਮੰਡੀ ਮਾਨਸਾ, ਠੁਠਿਆਂਵਾਲੀ ਅਤੇ ਭੈਣੀ ਬਾਘਾ ’ਚ ਕਣਕ ਦੀ ਆਮਦ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਆਮਦ ਤੇਜ਼ੀ ਨਾਲ ਹੋ ਰਹੀ ਹੈ, ਪਰੰਤੂ ਮੌਸਮ ਵਿਭਾਗ ਦੀ ਚਿਤਾਵਨੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚਿੰਤਾਜਨਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਲਈ ਖਰੀਦ ਕੀਤੀ ਗਈ ਕਣਕ ਨੂੰ ਸਹੀ ਢੰਗ ਨਾਲ ਭਰੀਆਂ ਹੋਈਆਂ ਬੋਰੀਆਂ ਦੀ ਸਟੈਕਿੰਗ ਕਰਵਾਉਂਦੇ ਹੋਏ, ਇਨ੍ਹਾਂ ਸਟੈਕਾਂ ਨੂੰ ਕਵਰ ਕਰਨ ਲਈ ਲੋੜੀਂਦੀਆਂ ਤਰਪਾਲਾਂ ਦਾ ਪੁਖਤਾ ਪ੍ਰਬੰਧ ਕਰ ਲਿਆ ਜਾਵੇ, ਤਾਂ ਜੋ ਬਾਰਿਸ਼ ਸਮੇਂ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਖਰੀਦ ਕੀਤੀ ਕਣਕ ਦੀ ਨਾਲੋਂ ਨਾਲ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਕਿਸਾਨ ਪਹਿਲਾਂ ਮੰਡੀ ਵਿਚ ਫਸਲ ਲੈ ਕੇ ਆਉਂਦਾ ਹੈ ਉਸ ਦੀ ਫਸਲ ਪਹਿਲਾਂ ਆਓ ਪਹਿਲਾਂ ਪਾਓ ਦੇ ਨਿਯਮ ਦੇ ਆਧਾਰ ’ਤੇ ਚੁੱਕੀ ਜਾਵੇ ਤਾਂ ਜੋ ਮੰਡੀਆਂ ਅੰਦਰ ਫਸਲ ਲੈ ਕੇ ਆਏ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਖੱਜਲ ਖੁਆਰੀ ਨਾ ਹੋਵੇ।
ਉਨ੍ਹਾਂ ਖਰੀਦ ਕਾਰਜ਼ਾਂ ਨਾਲ ਜੁੜੇ ਅਧਿਕਾਰੀਆਂ ਨੂੰ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨਾਲ ਤਾਲਮੇਲ ਬਣਾ ਕੇ ਸਮੁੱਚੇ ਖਰੀਦ ਕਾਰਜ਼ਾਂ ਨੂੰ ਸੁਖਾਵੇਂ ਮਾਹੌਲ ’ਚ ਨੇਪਰੇ ਚੜ੍ਹਾਉਣ ਦੇ ਆਦੇਸ਼ ਜਾਰੀ ਕੀਤੇ, ਤਾਂ ਜੋ ਫਸਲ ਦੀ ਖਰੀਦ ਮੌਕੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ ਅਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ 523397 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ 512144 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 161796 ਮੀਟਰਕ ਟਨ, ਮਾਰਕਫੈੱਡ ਵੱਲੋਂ 133034 ਮੀਟਰਕ ਟਨ, ਪਨਸਪ ਵੱਲੋਂ 133850 ਮੀਟਰਕ ਟਨ, ਵੇਅਰ ਹਾਊਸ ਵੱਲੋਂ 78799 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 4665 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।    
ਇਸ ਮੌਕੇ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਵਿਜੇ ਕੁਮਾਰ ਸਿੰਗਲਾ, ਏ.ਐਫ.ਐਸ.ਓ. ਸ੍ਰੀ ਸੌਰਵ ਗੁਪਤਾ ਤੋਂ ਇਲਾਵਾ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਅਤੇ ਆੜ੍ਹਤੀਏ ਮੌਜੂਦ ਸਨ।

NO COMMENTS