*ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ*

0
4

ਮਾਨਸਾ, 26 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਥਾਨਕ ਬੱਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਅਹਿਮ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਸਮਾਰਟ ਵਿਲੇਜ਼ ਕੰਪੇਨ, ਪੰਜਾਬ ਨਿਰਮਾਣ ਪ੍ਰੋਗਰਾਮ, ਮਗਨਰੇਗਾ, ਪਾਰਕਾਂ, ਧਰਮਸ਼ਾਲਾਵਾਂ, ਸਕੂਲ, ਗਲੀਆਂ-ਨਾਲੀਆਂ ਅਤੇ ਸੜਕਾਂ ਆਦਿ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਨੂੰ ਸਮੇਂ ਨਾਲ ਮੁੰਕਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਕੰਮਲ ਹੋ ਚੁੱਕੇ ਕੰਮਾਂ ਸਬੰਧੀ ਵਰਤੋਂ ਸਰਟੀਫਿਕੇਟ ਭੇਜਣੇ ਵੀ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਜਿਹੜੇ ਨੌਜਵਾਨ 10ਵੀਂ ਜਮਾਤ ਤੋਂ ਘੱਟ ਪੜ੍ਹੇ ਹਨ ਜਾਂ ਅਨਪੜ੍ਹ ਹਨ, ਉਨ੍ਹਾਂ ਲਈ ਵਿਸ਼ੇਸ ਕੈਂਪਾਂ ਦਾ ਆਯੋਜਨ ਕਰ ਕੇ ਕੋਈ ਹੁਨਰ ਸਿਖਲਾਈ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਉਨ੍ਹਾਂ ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਕਿਤੇ ਵੀ ਨਜਾਇਜ਼ ਕਬਜ਼ੇ ਹੋਏ ਹਨ, ਤਾਂ ਉਨ੍ਹਾਂ ਨੂੰ ਤੁਰੰਤ ਖਾਲੀ ਕਰਵਾਉਣ ਸਬੰਧੀ ਕਾਰਵਾਈ ਆਰੰਭੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ 1 ਸਤੰਬਰ ਤੋਂ ਹੋਣ ਵਾਲੇ ਖੇਡ ਮੇਲਿਆਂ ਦੀਆਂ ਤਿਆਰੀਆਂ ਸਮਾਂ ਰਹਿੰਦਿਆਂ ਮੁਕੰਮਲ ਕਰਨ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹੇ ਅੰਦਰ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਯੋਗ ਲਾਭਪਾਤਰੀ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਸ੍ਰੀ ਟੀ. ਬੈਨਿਥ ਆਈ.ਏ.ਐਸ. ਨੇ ਦੱਸਿਆ ਕਿ ਮਗਨਰੇਗਾ ਤਹਿਤ ਵਿੱਤੀ ਸਾਲ ਦੌਰਾਨ ਹੁਣ ਤੱਕ ਕਰੀਬ 19 ਕਰੋੜ ਦੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਅਪ੍ਰੈਲ 2022 ਤੋਂ ਹੁਣ ਤੱਕ 6 ਲੱਖ 16 ਹਜ਼ਾਰ ਦੇ ਕਰੀਬ ਦਿਹਾੜੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਜੋ ਵੀ ਟੀਚੇ ਦਿੱਤੇ ਗਏ ਹਨ, ਉਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਮਾਡਰਨ ਸੱਥਾਂ ਅਤੇ ਸਕਰੀਨਿੰਗ ਚੈਂਬਰਾਂ ਦਾ ਕੰਮ ਵੀ ਪ੍ਰਗਤੀ ਅਧੀਨ ਹੈ।
ਮੀਟਿੰਗ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਪਰਮਪਾਲ ਸਿੰਘ, ਸਮੂਹ ਕਾਰਜਸਾਧਕ ਅਫ਼ਸਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਮੌਜੂਦ ਸਨ।  
 ਤਸਵੀਰਾਂ 1 ਅਤੇ 2
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸ਼ਹਿਰੀ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

NO COMMENTS