*ਡਿਪਟੀ ਕਮਿਸ਼ਨਰ ਨੇ ਪਿੰਡ ਭਾਵਾ, ਕੁਲਰੀਆਂ, ਰਿਊਂਦ ਅਤੇ ਧਰਮਪੁਰਾ ਆਦਿ ਪਿੰਡਾਂ ਵਿਚ ਬਣੇ ਰਾਹਤ ਕੈਂਪਾਂ ਦਾ ਕੀਤਾ ਦੌਰਾ*

0
100

ਮਾਨਸਾ, 15 ਜੁਲਾਈ:(ਸਾਰਾ ਯਹਾਂ/ਬੀਰਬਲ ਧਾਲੀਵਾਲ ):
    ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਟੀਮਾਂ ਲਗਾਤਾਰ ਕਾਰਜਸ਼ੀਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਲੋਕਾਂ ਨੂੰ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਸਰਕਾਰੀ ਮਿਡਲ ਸਕੂਲ ਭਾਵਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ, ਸਰਕਾਰੀ ਪ੍ਰਾਇਮਰੀ ਸਕੂਲ ਰਿਊਂਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਵਿਖੇ ਬਣਾਏ ਰਾਹਤ ਕੈਂਪਾਂ ਦਾ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬੁਢਲਾਡਾ ਪ੍ਰਮੋਦ ਸਿੰਗਲਾ ਵੀ ਮੌਜੂਦ ਸਨ।


ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ, ਬਿਜਲੀ, ਪਾਣੀ ਦੀ ਸੁਚਾਰੂ ਵਿਵਸਥਾ, ਸਿਹਤ ਸਹੂਲਤਾਂ, ਲੋਕਾਂ ਨੂੰ ਲੋੜੀਦਾ ਰਾਸ਼ਨ, ਫੂਡ ਕਿੱਟ, ਪਸ਼ੂ ਚਾਰਾ ਤੇ ਹੋਰ ਸਹੂਲਤਾਂ ਉਪਲੱਬਧ ਕਰਵਾਉਣ ਵਿਚ ਕੋਈ ਘਾਟ ਨਹੀਂ ਰਹਿਣੀ ਚਾਹੀਦੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਂਦਪੁਰਾ ਬੰਨ੍ਹ ਵਿਖੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਐਸ.ਡੀ.ਐਮ ਬੁਢਲਾਡਾ ਪ੍ਰਮੋਦ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਮਗਨਰੇਗਾ ਲੇਬਰ, ਵਲੰਟੀਅਰਜ, ਐਨ ਜੀ ਓਜ਼ ਅਤੇ ਪਿੰਡ ਵਾਸੀ ਜੁਟੇ ਹੋਏ ਹਨ।ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਤੋਂ ਰੁੜਕੀ ਨੂੰ ਜਾਣ ਵਾਲੇ ਰਸਤੇ ’ਤੇ ਐਸ.ਡੀ.ਐਮ ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ ਦੀ ਮੌਜੂਦਗੀ ਵਿਚ ਟਰੈਕਟਰ ਟਰਾਲੀਆਂ ਅਤੇ ਹੋਰ ਮਸ਼ੀਨਰੀ ਦੀ ਵਰਤੋਂ ਨਾਲ ਮਿੱਟੀ ਦਾ ਬੰਨ੍ਹ ਲਗਾ ਕੇ ਰਿਹਾਇਸ਼ੀ ਇਲਾਕੇ ਵਿੱਚ ਪਾਣੀ ਆਉਣ ਤੋ ਰੋਕਣ ਲਈ ਰਾਹਤ ਟੀਮਾਂ ਕਾਰਜਸ਼ੀਲ ਹਨ।


    ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਅੰਦਰ ਖੋਲ੍ਹੇ ਗਏ ਰਾਹਤ ਕੈਂਪਾਂ ਵਿਚ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਲੋਕਾਂ ਨੂੰ ਲੋੜ ਮੁਤਾਬਿਕ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਵਿਚ ਜੁੜੇ ਸਮੁੱਚੇ ਅਮਲੇ ਲਈ ਪਾਣੀ ਅਤੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

NO COMMENTS