*ਡਿਪਟੀ ਕਮਿਸ਼ਨਰ ਨੇ ਕੀਤਾ ਜੱਚਾ ਬੱਚਾ ਹਸਪਤਾਲ ਦਾ ਦੌਰਾ, ਜਾਣਿਆ ਮਰੀਜ਼ਾਂ ਦਾ ਹਾਲ*

0
13

ਮਾਨਸਾ, 25 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ): ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਥਾਨਕ ਜੱਚਾ ਬੱਚਾ ਹਸਪਤਾਲ ਮਾਨਸਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੂਸ਼ਿਤਾ ਗੁਲਾਟੀ ਅਤੇ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਜੱਚਾ ਬੱਚਾ ਹਸਤਪਾਲ ਵਿਖੇ ਚੱਲ ਰਹੀ ਓ.ਪੀ.ਡੀ ਵਿਖੇ ਰੋਜ਼ਾਨਾ ਆ ਰਹੇ ਮਰੀਜ਼ਾਂ ਦੀ ਗਿਣਤੀ ਬਾਰੇ ਜਾਣਕਾਰੀ ਲਈ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਇਲਾਜ਼ ਅਤੇ ਹਸਪਤਾਲ ਵਿਚ ਮਿਲਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ  ਖਾਸ ਕਰਕੇ ਗਰਭਵਤੀ ਔਰਤਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਇਸ ਦੌਰਾਨ ਉਨ੍ਹਾਂ ਓ.ਪੀ.ਡੀ, ਐਸ.ਐਨ.ਸੀ.ਯੂ. (Special Newborn Care Unit) ਅਤੇ ਆਪਰੇਸ਼ਨ ਥਿਏਟਰ ਦੀ ਕਾਰਜ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹਸਪਤਾਲ ਵਿਖੇ ਉਨ੍ਹਾਂ ਨੂੰ ਮਿਲੇ ਇਲਾਜ਼ ਬਾਰੇ ਜਾਣਕਾਰੀ ਲਈ। ਮਰੀਜ਼ਾਂ ਦਾ ਹਾਲ ਜਾਣਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਉਨ੍ਹਾਂ ਨੂੰ ਹਸਤਪਾਲ ਵਿਖੇ ਇਲਾਜ਼ ਜਾਂ ਡਲਿਵਰੀ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਦੌਰਾਨ ਉਨ੍ਹਾਂ ਮਰੀਜ਼ਾਂ ਤੋਂ ਹਸਪਤਾਲ ਵਿਖੇ ਮਿਲਣ ਵਾਲੀਆਂ ਸਹੂਲਤਾਂ ਅਤੇ ਇਲਾਜ਼ ਬਾਰੇ ਸੁਝਾਅ ਵੀ ਲਏ।


ਜੱਚਾ ਬੱਚਾ ਹਸਪਤਾਲ ਵਿਖੇ ਚੱਲ ਰਹੀ ਸਾਂਝੀ ਰਸੋਈ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਾਣੇ ਦੀ ਸ਼ੁੱਧਤਾ ਅਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਮਰੀਜ਼ਾਂ ਨੂੰ ਤਾਜ਼ਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਇਸ ਦੌਰਾਨ ਸਾਂਝੀ ਰਸੋਈ ਵਿਚ ਬੈਠ ਕੇ ਖਾਣਾ ਖਾ ਰਹੇ ਵਿਅਕਤੀਆਂ ਪਾਸੋਂ ਖਾਣੇ ਦੀ ਗੁਣਵੱਤਾ ਬਾਰੇ ਜਾਣਕਾਰੀ ਲਈ ਅਤੇ ਖਾਣੇ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਹੋਰ ਸਾਮਾਨ ਦੀ ਜਾਂਚ ਕੀਤੀ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਹਸਤਪਤਾਲ ਦੇ ਬਾਹਰ ਸੜਕ ’ਤੇ ਨਾਜਾਇਜ਼ ਲੱਗੀਆਂ ਆਰਜ਼ੀ ਦੁਕਾਨਾਂ ਨੂੰ ਹਟਾਇਆ ਜਾਵੇ ਤਾਂ ਜੋ ਐਂਬੂਲੈਂਸਾਂ ਅਤੇ ਐਮਰਜੈਂਸੀ ਮਰੀਜਾਂ ਨੂੰ ਆਉਣ ਜਾਣ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ।

NO COMMENTS