-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਕੋਰੋਨਾ ਵਾਇਰਸ ਸਬੰਧੀ ਮੀਟਿੰਗ

0
11

ਮਾਨਸਾ, 28 ਫਰਵਰੀ ((ਸਾਰਾ ਯਹਾ,ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਕੋਰੋਨਾ ਵਾਇਰਸ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਚਾਹਲ ਨੇ ਜ਼ਿਲ੍ਹੇ ਦੇ ਸਿਵਲ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਸਬੰਧੀ ਐਸੋਲੇਸ਼ਨ ਵਾਰਡ ਤਿਆਰ ਕੀਤਾ ਜਾਵੇ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਜਦੋਂ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਸੂਚੀ ਆਉਂਦੀ ਹੈ ਤਾਂ ਉਨ੍ਹਾਂ ਵਿਅਕਤੀਆਂ ਨੂੰ ਤੁਰੰਤ ਨਿਗਰਾਨੀ ਵਿੱਚ ਲਿਆਂਦਾ ਜਾਵੇ ਅਤੇ ਉਸਦੀ 28 ਦਿਨਾਂ ਤੱਕ ਜਾਂਚ-ਪੜਤਾਲ ਕੀਤੀ ਜਾਵੇ।  ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਰੈਪਿਡਰਿਸਪੋਂਸ ਟੀਮਾਂ ਤਿਆਰ ਹਨ ਜੋ ਕਦੇ ਵੀ ਸ਼ੱਕੀ ਕੋਰੋਨਾ ਵਾਇਰਸ ਦੇ ਲੱਛਣ ਵਾਲੇ ਵਿਅਕਤੀ ਨੂੰ ਤੁਰੰਤ ਜਾਂਚ ਪੜਤਾਲ ਕਰਨ ਲਈ ਪੰਹੁਚ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨਜਿੱਠਣ ਲਈ ਜ਼ਿਲ੍ਹਾ ਪੱਧਰ ‘ਤੇ ਸਿਵਲ ਹਸਪਤਾਲ ਮਾਨਸਾ ਵਿਖੇ ਇੱਕ ਮੋਕ ਡਰਿੱਲ 25 ਫਰਵਰੀ ਨੂੰ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਕੰਮ ਮਲਟੀਪਰਪਜ਼ ਹੈਲਥ ਵਰਕਰ ਅਤੇ ਸੁਪਰਵਾਈਜ਼ਰ ਖੇਤਰ ਵਿੱਚ ਜਾ ਕੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ 28 ਦਿਨ ਤੱਕ ਜਾਂਚ ਕਰਨਗੇ ਅਤੇ ਸਾਰੇ ਸਕੂਲਾਂ-ਕਾਲਜਾਂ ਵਿੱਚ ਜਾ ਕੇ ਸਿਹਤ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣਗੇ। ਸਿਵਲ ਸਰਜਨ ਡਾ. ਠਕਰਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਜਨਤਕ ਥਾਵਾਂ ‘ਤੇ ਕੋਰੋਨਾ ਵਾਇਰਸ ਸਬੰਧੀ ਫਲੈਕਸਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਪੈਂਫਲੇਟ ਵੀ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਪੀਡੀਮਾਲੋਜਿਸਟ ਸ਼੍ਰੀ ਸੰਤੋਸ਼ ਭਾਰਤੀ ਇਸ ਦੇ ਨੋਡਲ ਅਫ਼ਸਰ ਹੋਣਗੇ, ਜਿਨ੍ਹਾਂ ਦਾ ਮੋਬਾਇਲ ਨੰਬਰ 98888-61178 ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਸ਼੍ਰੀ ਸੰਤੋਸ਼ ਭਾਰਤੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਪੀ. ਸ਼੍ਰੀ ਸਤਨਾਮ ਸਿੰਘ ਸਿੱਧੂ ਅਤੇ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਲਵਲੀਨ ਵੜਿੰਗ ਤੋਂ ਇਲਾਵਾ ਸਮੂਹ ਐਸ.ਐਮ.ਓਜ਼ ਮੌਜੂਦ ਸਨ।

NO COMMENTS